ਕੈਪਟਨ ਦਾ ਸੁਖਬੀਰ 'ਤੇ ਤੰਜ : ਦਿਨ 'ਚ ਸੁਪਨੇ ਦੇਖਣੇ ਬੰਦ ਕਰੋ, ਤੁਸੀਂ ਸੱਤਾ 'ਚ ਨਹੀਂ ਆਉਣ ਵਾਲੇ
Tuesday, Nov 03, 2020 - 09:20 PM (IST)
ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)-ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਜੇਲ ਭੇਜਣ ਦੀ ਦਿੱਤੀ ਧਮਕੀ 'ਤੇ ਵਿਅੰਗ ਕਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਕਾਲੀ ਲੀਡਰ ਨੂੰ ਦਿਨ-ਦਿਹਾੜੇ ਸੁਪਨੇ ਨਾ ਦੇਖਣ ਲਈ ਆਖਿਆ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਛੇਤੀ ਕੀਤਿਆਂ ਸੂਬੇ ਦੀ ਸੱਤਾ ਵਿਚ ਨਹੀਂ ਆਉਣ ਵਾਲੀ। ਸੁਖਬੀਰ ਬਾਦਲ ਵਲੋਂ ਧਰਮਸੌਤ ਨੂੰ ਦਿੱਤੀ ਧਮਕੀ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਬਣਾਉਣ ਬਾਰੇ ਤੁਹਾਡੇ ਸੁਪਨੇ ਕਦੀ ਵੀ ਸਾਕਾਰ ਨਹੀਂ ਹੋਣਗੇ। ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਤੁਹਾਡੇ ਵਲੋਂ ਕੀਤੀਆਂ ਵਧੀਕੀਆਂ ਨੂੰ ਅਜੇ ਤੱਕ ਭੁੱਲੇ ਨਹੀਂ ਹਨ।
ਅਕਾਲੀ ਦਲ ਦੇ ਪ੍ਰਧਾਨ ਵਲੋਂ ਉਨ੍ਹਾਂ ਉਪਰ ਕੈਬਨਿਟ ਮੰਤਰੀ ਨੂੰ ਬਚਾਉਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਨੂੰ ਅਜਿਹੇ ਬੇਸ਼ਰਮੀ ਭਰੇ ਝੂਠਾਂ ਅਤੇ ਬੇਬੁਨਿਆਦ ਦਾਅਵਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਵਲੋਂ ਦਿੱਤੀ ਧਮਕੀ ਨੂੰ ਬਦਲਾਖੋਰੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਧਰਮਸੌਤ ਦਾ ਸਬੰਧ ਹੈ, ਅਸਲ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਗਬਨ ਦਾ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਤਿੰਨ ਵਧੀਕ ਮੁੱਖ ਸਕੱਤਰਾਂ ਦੀ ਇਕ ਕਮੇਟੀ ਵਲੋਂ ਵਜ਼ੀਫਾ ਘਪਲੇ ਦੇ ਦੋਸ਼ਾਂ ਦੀ ਵਿਸਥਾਰਤ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਮੁੱਖ ਸਕੱਤਰ ਨੇ ਵੀ ਜਾਂਚ ਕੀਤੀ ਤੇ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਆਖਰ ਵਿਚ ਉਨ੍ਹਾਂ ਨੇ ਖੁਦ ਵੀ ਸਮੁੱਚੇ ਤੱਥਾਂ ਦੀ ਜਾਂਚ ਕੀਤੀ ਅਤੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਪਾਈ ਗਈ। ਕੋਰੇ ਝੂਠ ਫੈਲਾਉਣ ਲਈ ਸੁਖਬੀਰ ਬਾਦਲ ਨੂੰ ਝਾੜ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰ ਵਲੋਂ ਦਲਿਤ ਵਿਦਿਆਰਥੀਆਂ ਨਾਲ ਅਨਿਆਂ ਦੀ ਗੱਲ ਕਰਨਾ ਨਿਰੀ ਪਾਖੰਡਬਾਜ਼ੀ ਹੈ ਜਦਕਿ ਕੇਂਦਰ ਸਰਕਾਰ, ਜਿਸ ਵਿਚ ਅਕਾਲੀ ਵੀ ਭਾਈਵਾਲ ਸਨ, ਨੇ ਪੋਸਟ ਮੈਟ੍ਰਿਕ ਐੱਸ. ਸੀ. ਸਕਾਲਰਸ਼ਿਪ ਸਕੀਮ ਇਕਦਮ ਖਤਮ ਕਰ ਕੇ ਇਨ੍ਹਾਂ ਵਿਦਿਆਰਥੀਆਂ ਨਾਲ ਘੋਰ ਬੇਇਨਸਾਫ਼ੀ ਕੀਤੀ ਹੈ। ਮੁੱਖ ਮੰਤਰੀ ਨੇ ਸੁਖਬੀਰ ਨੂੰ ਕਿਹਾ ਕਿ ਜੇਕਰ ਤੁਹਾਨੂੰ ਦਲਿਤ ਵਿਦਿਆਰਥੀਆਂ ਨਾਲ ਸੱਚਮੁਚ ਹੀ ਕੋਈ ਸਰੋਕਾਰ ਹੈ ਤਾਂ ਤੁਸੀਂ ਐੱਨ. ਡੀ. ਏ. ਸਰਕਾਰ ਨੂੰ ਅਜਿਹੀ ਬੇਇਨਸਾਫ਼ੀ ਕਰਨ ਦੀ ਆਗਿਆ ਕਿਉਂ ਦਿੱਤੀ? ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਹ ਬੇਬੁਨਿਆਦ ਦੋਸ਼ ਉਸ ਦੀ ਹਰ ਹਾਲ ਵਿਚ ਸੱਤਾ ਵਿਚ ਆਉਣ ਦੀ ਬੌਖਲਾਹਟ ਦਾ ਪ੍ਰਗਟਾਵਾ ਕਰਦੇ ਹਨ ਅਤੇ ਖਾਸ ਕਰਕੇ ਉਸ ਵੇਲੇ ਜਦੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਉਸ ਦੀ ਪਾਰਟੀ ਪੂਰੀ ਤਰ੍ਹਾਂ ਨੁੱਕਰੇ ਲੱਗ ਚੁੱਕੀ ਹੈ।