ਕੈਪਟਨ ਨੇ ਚੋਣਾਂ 'ਚ ਹਾਰ ਪਿੱਛੋਂ ਰਾਹੁਲ ਦੇ ਅਸਤੀਫੇ ਦੀ ਮੰਗ ਨੂੰ ਕੀਤਾ ਰੱਦ

05/24/2019 1:21:26 AM

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਦੀ ਭਾਰੀ ਹਾਰ ਪਿਛੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਦੀ ਕੀਤੀ ਜਾ ਰਹੀ ਮੰਗ ਨੂੰ ਰੱਦ ਕਰਦਿਆਂ ਵੀਰਵਾਰ ਕਿਹਾ ਕਿ ਰਾਹੁਲ ਇਕ ਵਧੀਆ ਇਨਸਾਨ ਹਨ। ਉਹ ਉਨ੍ਹਾਂ ਨੂੰ ਬਚਪਨ ਤੋਂ ਜਾਣਦੇ ਹਨ। ਸਿਆਸਤ 'ਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਹ ਸਮਾਂ ਵੀ ਯਾਦ ਹੈ ਜਦੋਂ ਭਾਜਪਾ ਕੋਲ ਸਿਰਫ ਦੋ ਸੀਟਾਂ ਹੁੰਦੀਆਂ ਸਨ ਅਤੇ ਕਾਂਗਰਸ ਕੋਲ 352 ਸੀਟਾਂ ਸਨ। ਪਾਰਟੀ ਵਰਕਰਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਰਾਹੁਲ ਤੇ ਪ੍ਰਿਯੰਕਾ ਦੋਹਾਂ ਨੇ ਚੋਣਾਂ ਦੌਰਾਨ ਆਪਣੇ ਵਲੋਂ ਬਹੁਤ ਵਧੀਆ ਕੰਮ ਕੀਤਾ।

ਕੈਪਟਨ ਨੇ ਕਿਹਾ ਕਿ ਉਹ ਟੱਬਰਵਾਦ ਵਾਲੀ ਸਿਆਸਤ ਸਬੰਧੀ ਲਾਏ ਜਾ ਰਹੇ ਦੋਸ਼ਾਂ 'ਤੇ ਭਰੋਸਾ ਨਹੀਂ ਰੱਖਦੇ। ਜੇ ਦੇਸ਼ ਦੇ ਲੋਕ ਰਾਹੁਲ ਗਾਂਧੀ ਨੂੰ ਪ੍ਰਵਾਨ ਕਰ ਲੈਂਦੇ ਤਾਂ ਫਿਰ ਟੱਬਰਵਾਦ ਸਿਆਸਤ ਦੀ ਕੋਈ ਥਾਂ ਨਹੀਂ ਹੋਣੀ ਸੀ। ਹੁਣ ਕਿਉਂਕਿ ਕਾਂਗਰਸ ਚੋਣਾਂ 'ਚ ਹਾਰ ਗਈ ਹੈ, ਇਸ ਲਈ ਟੱਬਰਵਾਦ ਸਿਆਸਤ ਨੂੰ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੀ ਚੰਗੇ ਦਿਨ ਜ਼ਰੂਰ ਆਉਣਗੇ। ਲੋਕਾਂ ਨੇ ਜੋ ਫਤਵਾ ਦਿੱਤਾ ਹੈ, ਨੂੰ ਸਾਨੂੰ ਖੁੱਲ੍ਹੇ ਦਿਲ ਨਾਲ ਪ੍ਰਵਾਨ ਕਰਨਾ ਚਾਹੀਦਾ ਹੈ। ਕਾਂਗਰਸ ਹੁਣ ਦੇਸ਼ 'ਚ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਉਹ ਆਪਣੇ ਵਲੋਂ ਰਾਹੁਲ ਗਾਂਧੀ ਨੂੰ ਹਰ ਸੰਭਵ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੇਦਾਰਨਾਥ ਜਾਂ ਬਦਰੀਨਾਥ ਜਾਣ ਨਾਲ ਵੋਟਰਾਂ 'ਤੇ ਕੋਈ ਅਸਰ ਨਹੀਂ ਪਿਆ। ਇਸ ਨੂੰ ਸਿਆਸਤ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ।


Related News