ਕੈਪਟਨ ਇੰਦਰਾ ਗਾਂਧੀ ਦੀ ਬੋਲੀ ਬੋਲ ਰਿਹੈ : ਸੁਖਬੀਰ

Friday, Dec 04, 2020 - 11:35 PM (IST)

ਕੈਪਟਨ ਇੰਦਰਾ ਗਾਂਧੀ ਦੀ ਬੋਲੀ ਬੋਲ ਰਿਹੈ : ਸੁਖਬੀਰ

ਚੰਡੀਗੜ੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਕਿਸਾਨਾਂ ਦੇ ਅੰਦੋਲਨ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸ ਕੇ ਸੰਘਰਸ਼ ਨੂੰ ਸਾਬੋਤਾਜ ਕਰਨ ਦਾ ਖਤਰਨਾਕ ਯਤਨ ਕਰਨਾ ਬੰਦ ਕਰ ਦੇਣ। ਬਾਦਲ ਨੇ ਆਖਿਆ ਕਿ ਇੰਦਰਾ ਗਾਂਧੀ ਦੀ ਭਾਵਨਾ ਕੈਪਟਨ ਅਮਰਿੰਦਰ ਵਿਚ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਸ਼ਾਂਤੀਪੂਰਵਕ ਰੋਸ ਵਿਖਾਵਾ ਕਰਨ ਵਾਲੇ ਅਕਾਲੀਆਂ ਨੂੰ ਵੱਖਵਾਦੀ, ਅੱਤਵਾਦੀ ਤੇ ਹੋਰ ਪਤਾ ਨਹੀਂ ਕੀ ਕੁਝ ਦੱਸ ਕੇ ਬਦਨਾਮ ਕਰਨ ਦਾ ਯਤਨ ਕੀਤਾ ਸੀ।

ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ    

ਅਕਾਲੀ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਕਿਸ ਖੁਫੀਆ ਰਿਪੋਰਟ ਦੇ ਆਧਾਰ 'ਤੇ ਉਹ ਅਚਨਚੇਤ ਜਾਗ ਉਠੇ ਹਨ ਅਤੇ ਉਨ੍ਹਾਂ ਨੂੰ ਕਿਸਾਨਾਂ ਦਾ ਅੰਦੋਲਨ ਕੌਮੀ ਸੁਰੱਖਿਆ ਲਈ ਖ਼ਤਰਾ ਦਿਸਣ ਲੱਗ ਪਿਆ ਹੈ ਤੇ ਉਹ ਵੀ ਉਸ ਵੇਲੇ ਜਦੋਂ ਕਿਸਾਨ ਇਸ ਅਹਿਮ ਪੜਾਅ 'ਤੇ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਸਪੱਸ਼ਟ ਤੌਰ 'ਤੇ ਕਿਸੇ ਹੋਰ ਦੇ ਇਸ਼ਾਰਿਆਂ 'ਤੇ ਨੱਚ ਕੇ ਕਿਸਾਨਾਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੌਮੀ ਸੁਰੱਖਿਆ ਲਈ ਚਿਤਾਵਨੀ ਉਨ੍ਹਾਂ ਦੀ ਤਾਕਤਵਰ ਕੇਂਦਰੀ ਮੰਤਰੀ ਨਾਲ ਸ਼ੱਕੀ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ। ਉਨ੍ਹਾਂ ਪੁੱਛਿਆ ਕਿ ਕੀ ਉਹ ਸਮਝਦੇ ਹਨ ਕਿ ਕਿਸਾਨ ਅਤੇ ਦੇਸ਼ ਦੇ ਹੋਰ ਲੋਕ ਉਨ੍ਹਾਂ ਖਿਲਾਫ ਉਨ੍ਹਾਂ ਦੀ ਸਾਜ਼ਿਸ਼ੀ ਭੂਮਿਕਾ ਨੂੰ ਨਹੀਂ ਸਮਝ ਸਕਦੇ ? ਬਾਦਲ ਨੇ ਕਿਹਾ ਕਿ ਇਸੇ ਸਮੇਂ ਉਨ੍ਹਾਂ ਨੇ ਸਾਰੇ ਮੁਲਕ ਨੂੰ ਕਿਸਾਨਾਂ ਦੇ ਸੰਘਰਸ਼ ਦੇ ਖਿਲਾਫ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਵਰਤੋਂ ਕਰ ਕੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਯਤਨ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ੁਲਮ ਕਰਨ ਵਾਲਿਆਂ ਦਾ ਸਾਥ ਦੇ ਰਹੇ ਹਨ ਅਤੇ ਕੌਮੀ ਸੁਰੱਖਿਆ ਦੇ ਪੱਤੇ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਮਾੜਾ ਦਰਸਾਉਣ ਤੇ ਕਮਜ਼ੋਰ ਕਰਨ ਲਈ ਵਰਤ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਲਾਈਵ ਦੌਰਾਨ ਗਰਮ ਹੋਏ ਕੈਪਟਨ, ਵਿੰਨ੍ਹਿਆ ਵਿਰੋਧੀ ਧਿਰ 'ਤੇ ਨਿਸ਼ਾਨਾ

ਬਾਦਲ ਨੇ ਕਿਹਾ ਕਿ ਉੱਧਰ ਕਿਸਾਨ ਬਹੁਤ ਹੀ ਨੇਕ ਤੇ ਚੰਗੀ ਉਦਾਹਰਣ ਪੇਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਦਮਨਕਾਰੀ ਪੁਲਸ ਹਮਲਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਬਹੁਤ ਹੀ ਸ਼ਲਾਘਾਯੋਗ ਸੰਯਮ ਵਰਤਿਆ ਹੈ ਅਤੇ ਦਰਿਆਦਿਲੀ ਵਿਖਾਈ ਹੈ। ਇਨ੍ਹਾਂ ਨੇ ਭਾਈ ਘਨੱਈਆ ਦੇ ਦਰਸਾਏ ਮਾਰਗ 'ਤੇ ਚਲਦਿਆਂ ਡਾਂਗਾਂ ਮਾਰਨ ਵਾਲਿਆਂ ਨੂੰ ਵੀ ਲੰਗਰ ਛਕਾਇਆ ਹੈ ਪਰ ਅਮਰਿੰਦਰ ਸਿੰਘ ਨੂੰ ਜ਼ਮੀਰ ਦੀ ਆਵਾਜ਼ ਦੀ ਕੋਈ ਪਰਵਾਹ ਨਹੀਂ ਤੇ ਉਹ ਇਨ੍ਹਾਂ ਨੇਕ ਦਿਲ ਤੇ ਸ਼ਾਂਤ ਕਿਸਾਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸ ਰਹੇ ਹਨ।


author

Deepak Kumar

Content Editor

Related News