ਕੈਪਟਨ ਨੇ ਆਈ. ਟੀ. ਆਈ. ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਦਿੱਤੀ ਵਧਾਈ
Saturday, May 16, 2020 - 09:56 PM (IST)
ਚੰਡੀਗੜ੍ਹ,(ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀਆਂ ਆਈ. ਟੀ. ਆਈ. ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਵਧਾਈ ਦਿੱਤੀ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਚੰਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਆਈ. ਟੀ. ਆਈ. ਦੀਆਂ ਵਿਦਿਆਰਥਣਾਂ ਨੇ ਹੁਣ ਤੱਕ 10 ਲੱਖ ਮਾਸਕ ਬਣਾਉਣ ਦਾ ਟੀਚਾ ਪ੍ਰਾਪਤ ਕੀਤਾ ਹੈ ਅਤੇ ਇੰਨੀ ਗਿਣਤੀ 'ਚ ਮਾਸਕ ਬਣਾ ਕੇ ਇਹ ਵਿਦਿਆਰਥਣਾਂ ਦੇਸ਼ ਦੀਆਂ ਸਾਰੀਆਂ ਆਈ. ਟੀ. ਆਈਜ਼ 'ਚੋਂ ਅੱਵਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ 3 ਲੱਖ ਮਾਸਕ ਤਿਆਰ ਕਰਨ ਵਾਲੇ ਹਰਿਆਣਾ ਆਈ. ਟੀ. ਆਈ. ਦੇ ਵਿਦਿਆਰਥੀ ਦੂਜੇ ਸਥਾਨ 'ਤੇ ਹਨ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਇੰਸਟ੍ਰਕਟਰਾਂ ਨੇ ਸਾਡੇ ਆਈ. ਟੀ. ਆਈ. ਵਿਦਿਆਰਥੀਆਂ ਨੂੰ ਕੋਵਿਡ-19 ਵਿਰੁੱਧ ਲੜਾਈ 'ਚ ਆਪਣਾ ਹਿੱਸਾ ਪਾਉਣ ਲਈ ਆਪਣੇ ਘਰ ਬੈਠੇ ਮਾਸਕ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਿਸਾਲੀ ਕੰਮ ਰਾਜ ਦੀਆਂ 78 ਸਰਕਾਰੀ ਆਈ. ਟੀ. ਆਈ. ਵਿਚ ਐਪਰਲ ਟਰੇਡ ਦੀ ਪੜ੍ਹਾਈ ਕਰਨ ਵਾਲੀਆਂ ਕਰੀਬ 4500 ਵਿਦਿਆਰਥਣਾਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਵਲੋਂ ਮਾਸਕ ਦੀ ਸਿਲਾਈ, ਸੇਵਾ ਵਜੋਂ ਕੀਤੀ ਗਈ ਹੈ। ਚੰਨੀ ਨੇ ਅੱਗੇ ਕਿਹਾ ਕਿ ਇਨ੍ਹਾਂ ਆਈ. ਟੀ. ਆਈਜ਼ ਦੇ ਪ੍ਰਿੰਸੀਪਲ ਅਤੇ ਸਟਾਫ ਦਾਨ ਰਾਹੀਂ ਇਕੱਠੇ ਕੀਤੇ ਕੱਚੇ ਮਾਲ ਨੂੰ ਵਿਦਿਆਰਥੀਆਂ ਦੇ ਘਰਾਂ 'ਤੇ ਪਹੁੰਚਾਇਆ ਅਤੇ ਫਿਰ ਸਵੈ ਦੂਰੀ ਬਣਾਈ ਰੱਖਣ ਲਈ ਉਨ੍ਹਾਂ ਦੇ ਘਰਾਂ ਤੋਂ ਹੀ ਮਾਸਕ ਇਕੱਤਰ ਕੀਤੇ। ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਰਾਗ ਵਰਮਾ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਦੇ ਗੈਰ ਸਰਕਾਰੀ ਸੰਗਠਨਾਂ, ਆਈ. ਐੱਮ. ਸੀ. ਦੇ ਚੇਅਰਮੈਨ ਅਤੇ ਉਦਯੋਗਪਤੀਆਂ ਨੇ ਦਾਨ ਰਾਹੀਂ ਕੱਚਾ ਮਾਲ ਇਕੱਠਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਥਾਨਕ ਪ੍ਰਸ਼ਾਸਨ, ਸਿਹਤ ਕਰਮਚਾਰੀਆਂ, ਮਿਊਂਸੀਪਲ ਕਾਰਪੋਰੇਸ਼ਨ, ਕੋਵਿਡ ਯੋਧਿਆਂ ਅਤੇ ਲੋੜਵੰਦ ਵਿਅਕਤੀਆਂ ਜਿਵੇਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ ਨੂੰ ਮਾਸਕ ਮੁਫਤ ਵੰਡੇ ਗਏ ਹਨ।