ਕੈਪਟਨ ਨੇ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਪੰਜਾਬ ਭਾਜਪਾ ਦੇ ਕੂੜ ਪ੍ਰਚਾਰ ਨੂੰ ਸਿਰੇ ਤੋਂ ਨਕਾਰਿਆ

Thursday, Dec 31, 2020 - 10:37 PM (IST)

ਖਰੜ,(ਮੁਹਾਲੀ) : ਭਾਜਪਾ ਦੇ ਸੂਬਾ ਪ੍ਰਧਾਨ ਵਲੋਂ ਆਪਣੀ ਪਾਰਟੀ ਦੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਫੈਲਾਏ ਜਾ ਰਹੇ ਕੂੜ ਪ੍ਰਚਾਰ ਲਈ ਆੜੇ ਹੱਥ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਝੂਠਾ ਪੇਸ਼ ਕਰਨ ਦੀ ਕੀਤੀ ਇਹ ਬੇਤੁਕੀ ਕੋਸ਼ਿਸ਼ ਦਰਸਾਉਂਦੀ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਆਗਾਮੀ ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਵਿੱਚ ਆਪਣੇ ਖਾਤਮੇ ਦਾ ਡਰ ਸਤਾ ਰਿਹਾ ਹੈ। ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾਈ ਭਾਜਪਾ ਵੱਲੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਦਾ ਬੇਬੁਨਿਆਦ ਆਧਾਰ ਬਣਾ ਕੇ ਸ਼ਹਿਰੀ ਚੋਣਾਂ ਨੂੰ ਅੱਗੇ ਪਾਉਣ ਲਈ ਰਾਜਪਾਲ ਨੂੰ ਕੀਤੀ ਬੇਨਤੀ ਦਰਸਾਉਂਦੀ ਹੈ ਕਿ ਪਾਰਟੀ ਲੀਡਰਸ਼ਿਪ ਚੋਣਾਂ ਦੇ ਸਿਰ ’ਤੇ ਆਉਣ ਕਾਰਨ ਪੂਰੀ ਤਰ੍ਹਾਂ ਬੁਖਲਾਹਟ ’ਚ ਹੈ ਕਿਉਂ ਜੋ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਖਿਲਾਫ ਲੋਕਾਂ ’ਚ ਜ਼ਬਰਦਸਤ ਰੋਹ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਦਿਆਂ ਅਸ਼ਵਨੀ ਸ਼ਰਮਾ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਥੀ ਹੁਣ ਚੋਣਾਂ ਤੋਂ ਭੱਜਣ ਲਈ ਬੁਰੀ ਤਰ੍ਹਾਂ ਹਥਕੰਡੇ ਵਰਤ ਰਹੇ ਹਨ। ‘ਇੰਡੀਆ ਟੂਡੇ’ ਵੱਲੋਂ ਕੀਤੇ ਜਾਂਦੇ ਸਾਲਾਨਾ ਸਰਵੇਖਣ ‘ਸਟੇਟਸ ਆਫ ਸਟੇਟ’ ’ਚ ਕਾਨੂੰਨ ਵਿਵਸਥਾ ਦੇ ਮਾਮਲੇ ’ਚ ਪੰਜਾਬ ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਐਲਾਨੇ ਜਾਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਤੇ ਵਿਵਸਥਾ ਦੀ ਝੂਠੀ ਮਾੜੀ ਸਥਿਤੀ ਸਿਰਫ ਭਾਜਪਾ ਵਲੋਂ ਆਪਣੇ ਖਿਲਾਫ ਕਿਸਾਨਾਂ ਦੇ ਗੁੱਸੇ ਤੋਂ ਬਚਣ ਲਈ ਪ੍ਰਚਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿਰਾਸ਼ਾ ਕੁੱਝ ਕਾਰਪੋਰੇਟਾਂ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਮੁਲਾਕਾਤ ਦੀਆਂ ਤਸਵੀਰਾਂ ਨੂੰ ਕਿਸਾਨਾਂ ਖਿਲਾਫ ਮਿਲੀਭੁਗਤ ਵਜੋਂ ਪੇਸ਼ ਕਰਨ ਦੀ ਬੋਲੀ ਤੋਂ ਜ਼ਾਹਰ ਹੋਈ ਹੈ।

ਭਾਜਪਾ ਸੂਬਾਈ ਆਗੂਆਂ ਵੱਲੋਂ ਕਾਂਗਰਸ ਉਤੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਣ ਅਤੇ ਇਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਲਈ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਮੁੱਖ ਮੰਤਰੀ ਨੇ ਪੁੱਛਿਆ, ‘‘ਕੀ ਕਿਸਾਨਾਂ ਦੇ ਭਾਜਪਾ ਖਿਲਾਫ ਗੁੱਸੇ ਲਈ ਅਸÄ ਜ਼ਿੰਮੇਵਾਰ ਹਾਂ? ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਅਸੀਂ ਨਹੀਂ ਬਣਾਏ, ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਹਨ। ਸਗੋਂ ਅਸੀਂ ਤਾਂ ਇਨ੍ਹਾਂ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਵਿਧਾਨ ਸਭਾ ਵਿੱਚ ਸੋਧ ਬਿੱਲ ਪਾਸ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਅਪੀਲ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ਾਂ ਤੋਂ ਬਾਅਦ ਮੋਬਾਈਲ ਟਾਵਰਾਂ ਦੇ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਸ਼ਵਨੀ ਸ਼ਰਮਾ ਵੱਲੋਂ ਸ਼ਰਮਨਾਕ ਤਰੀਕੇ ਨਾਲ ਬੋਲੇ ਜਾ ਰਹੇ ਝੂਠ ਦਾ ਪਰਦਾਫਾਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਅੱਜ ਸਿਰਫ ਇੱਕਾ-ਦੁੱਕਾ ਹਲਕੇ ਨੁਕਸਾਨ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਹ ਯਕੀਨੀ ਬਣਾਏਗੀ ਕਿ ਇਕ ਵੀ ਘਟਨਾ ਨੁਕਸਾਨ ਪਹੁੰਚਾਣ ਦਾ ਨਾ ਵਾਪਰੇ। ਸਥਿਤੀ ਹੁਣ ਪੂਰੇ ਨਿਯੰਤਰਨ ਵਿੱਚ ਹੈ ਅਤੇ ਬਹੁਤੇ ਨੁਕਸਾਨੇ ਹੋਏ ਟਾਵਰਾਂ ਦੀ ਮੁਰੰਮਤ ਪਹਿਲਾਂ ਹੀ ਹੋ ਗਈ ਹੈ।


Deepak Kumar

Content Editor

Related News