ਕੈਪਟਨ ਵਲੋਂ ਪਟਿਆਲਾ ਰਿੰਗ ਰੋਡ ਦੇ ਨਿਰਮਾਣ ਦੀ ਪ੍ਰਵਾਨਗੀ
Wednesday, May 29, 2019 - 10:43 PM (IST)

ਚੰਡੀਗੜ੍ਹ,(ਅਸ਼ਵਨੀ): ਪਟਿਆਲਾ ਸ਼ਹਿਰ 'ਚ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੇ ਆਲੇ-ਦੁਆਲੇ ਰਿੰਗ ਰੋਡ ਨੂੰ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੜਕ ਸਰਹਿੰਦ ਰੋਡ, ਭਾਦਸੋਂ ਰੋਡ ਤੇ ਨਾਭਾ ਨੂੰ ਜਾਣ ਵਾਲੀ ਸੜਕ ਨੂੰ ਸੰਗਰੂਰ ਸੜਕ ਤਕ ਜੋੜੇਗੀ। ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਪੀ. ਡਬਲਯੂ. ਡੀ. (ਬੀ. ਐਂਡ ਆਰ.) ਨੂੰ ਪਟਿਆਲਾ ਰਿੰਗ ਰੋਡ ਨਾਲ ਸਬੰਧਤ ਵੱਖ-ਵੱਖ ਪੈਂਡਿੰਗ ਪਏ ਮੁੱਦਿਆਂ ਨੂੰ ਤੁਰੰਤ ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਕੋਲ ਉਠਾਉਣ ਲਈ ਆਖਿਆ ਹੈ, ਤਾਂ ਜੋ ਇਸ ਨੂੰ ਸਮਾਂਬੱਧ ਹੱਦ 'ਚ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇ।
ਪੀ. ਡਬਲਯੂ. ਡੀ. ਦੇ ਅਧਿਕਾਰੀਆਂ ਨਾਲ ਇਕ ਹੋਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਕ ਹੋਰ ਰਿੰਗ ਰੋਡ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਸਨਅਤੀ ਜ਼ੋਨ ਰਾਹੀਂ ਸਰਹਿੰਦ ਸੜਕ ਨਾਲ ਜੁੜੇਗੀ। ਉਨ੍ਹਾਂ 200 ਫੁੱਟ ਚੌੜੀ ਇਕ ਹੋਰ ਛੋਟੀ ਦੱਖਣੀ ਸੜਕ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੜਕ ਪਟਿਆਲਾ ਸ਼ਹਿਰ ਦੀ ਦੱਖਣੀ-ਪੂਰਬੀ ਦਿਸ਼ਾ 'ਚ ਹੈ, ਜੋ ਮਾਸਟਰ ਪਲਾਨ ਦੇ ਅਨੁਸਾਰ ਰਾਜਪੁਰਾ ਸੜਕ ਨੂੰ ਐਲੀਵੇਟਿਡ ਦੱਖਣੀ ਤੇ ਸਨੌਰ ਸੜਕ ਨਾਲ ਜੋੜੇਗੀ।
ਕੇਂਦਰੀ ਮੰਤਰੀ ਨੇ ਸੰਗਰੂਰ, ਬਠਿੰਡਾ, ਜਲੰਧਰ, ਪਟਿਆਲਾ, ਮੋਹਾਲੀ/ਚੰਡੀਗੜ੍ਹ ਅਤੇ ਲੁਧਿਆਣਾ ਸਣੇ ਪ੍ਰਮੁੱਖ ਸ਼ਹਿਰਾਂ ਦੁਆਲੇ ਰਿੰਗ ਰੋਡਜ਼ ਦੇ ਨਿਰਮਾਣ ਨੂੰ ਵਿਚਾਰਨ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੋਈ ਹੈ। ਸੂਬਾ ਸਰਕਾਰ ਨੇ ਜ਼ਮੀਨ ਦੀ ਪ੍ਰਾਪਤੀ ਲਈ 50 ਫੀਸਦੀ ਲਾਗਤ ਨੂੰ ਸਹਿਣ ਕਰਨ ਵਾਸਤੇ ਪਹਿਲਾਂ ਹੀ ਸਹਿਮਤੀ ਦਿੱਤੀ ਹੈ। ਸੜਕਾਂ ਦੇ ਨਿਰਮਾਣ ਵਾਸਤੇ ਸਮੁੱਚੀ ਰਾਸ਼ੀ ਸਮੇਤ ਜ਼ਮੀਨ ਪ੍ਰਾਪਤੀ ਦੀ ਲਾਗਤ ਦਾ 50 ਫੀਸਦੀ ਹਿੱਸਾ ਕੇਂਦਰੀ ਮੰਤਰਾਲੇ ਵਲੋਂ ਸਹਿਣ ਕੀਤਾ ਜਾਵੇਗਾ। ਮੀਟਿੰਗ ਵਿਚ ਪੰਜਾਬ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੀ. ਡਬਲਯੂ. ਡੀ. ਮੰਤਰੀ ਵਿਜੇਇੰਦਰ ਸਿੰਘ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਏ. ਸੀ. ਐੱਸ. ਵਿੱਤ ਕਲਪਨਾ ਮਿੱਤਲ ਬਰੂਆ ਅਤੇ ਹੋਰ ਅਧਿਕਾਰੀ ਸ਼ਾਮਲ ਸਨ।