ਕੈਪਟਨ ਨੇ ''ਐਮਸੇਵਾ ਵਟਸਐਪ ਚੈਟਬੋਟ'' ਦੀ ਕੀਤੀ ਸ਼ੁਰੂਆਤ, ਲੋਕਾਂ ਲਈ ਹੋਵੇਗੀ ਲਾਭਕਾਰੀ

08/28/2020 9:04:54 PM

ਚੰਡੀਗੜ੍ਹ : ਸੂਬੇ ਦੇ ਨਾਗਰਿਕਾਂ ਨੂੰ ਬਿਨਾਂ ਸੰਪਰਕ ਨਾਗਰਿਕ ਸੇਵਾਵਾਂ ਦੇਣ ਦਾ ਢੰਗ ਅਤੇ ਬਿਹਤਰ ਪਹੁੰਚ ਮੁਹੱਈਆ ਕਰਵਾਉਣ ਦੀ ਇੱਕ ਵਿਲੱਖਣ ਕੋਸ਼ਿਸ਼ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਐਮਸੇਵਾ ਵਟਸਐਪ ਚੈਟਬੋਟ' ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਆਪਣੇ ਮਸਲਿਆਂ ਦੇ ਹੱਲ ਵਾਸਤੇ ਆਮ ਲੋਕਾਂ ਲਈ ਬਹੁਤ ਮਦਦਗਾਰ ਅਤੇ ਲਾਭਕਾਰੀ ਹੋਵੇਗੀ। ਲੋਕ ਮਿਸਡ ਕਾਲ ਦੇ ਕੇ ਜਾਂ 87509-75975 'ਤੇ ਵਟਸਐਪ ਮੈਸੇਜ਼ ਕਰਕੇ ਚੈਟਬੋਟ ਤੱਕ ਪਹੁੰਚ ਕਰ ਸਕਦੇ ਹਨ।

ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਅਨੁਸਾਰ, ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿੱਚ, ਜਦੋਂ ਦੇਸ਼ ਭਰ ਵਿੱਚ ਹਰ ਕੋਈ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖ ਰਿਹਾ ਹੈ ਅਤੇ ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰ ਰਿਹਾ ਹੈ, ਨਾਗਰਿਕਾਂ ਨੂੰ ਆਪਣੀਆਂ ਸਥਾਨਕ ਸਰਕਾਰਾਂ ਤੋਂ ਸੇਵਾਵਾਂ ਪ੍ਰਾਪਤ ਕਰਨ ਲਈ  ਬਿਹਤਰ ਪਹੁੰਚ, ਅਤੇ ਬਿਨਾਂ ਸੰਪਰਕ ਸੇਵਾਵਾਂ ਲੈਣ ਦਾ ਢੰਗ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੈਟਬੋਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਐਮਸੇਵਾ ਵਟਸਐਪ ਚੈਟਬੋਟ ਦੀ ਸੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੇਵਾ ਨਾਗਰਿਕਾਂ ਨੂੰ ਬਿਨਾਂ ਕਿਸੇ ਦਿੱਕਤ ਦੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀਆਂ ਸ਼ਿਕਾਇਤਾਂ ਨੂੰ ਅਸਾਨੀ ਨਾਲ ਦਰਜ ਅਤੇ ਟਰੈਕ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਚੈਟਬੋਟ ਫਿਲਹਾਲ ਚਾਰ ਨਗਰ ਨਿਗਮਾਂ ਫਗਵਾੜਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ 1 ਨਗਰ ਕੌਂਸਲ - ਜੀਰਕਪੁਰ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਗÂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਪਾਇਲਟ ਪ੍ਰਾਜੈਕਟ ਦੇ  ਸਫਲਤਾਪੂਰਵਕ ਪੂਰਾ ਹੋਣ 'ਤੇ ਪੰਜਾਬ ਵਿੱਚ 167 ਸ਼ਹਿਰੀ ਸਥਾਨਕ ਸਰਕਾਰਾਂ ਦੇ ਨਾਗਰਿਕ ਆਪਣੀਆਂ ਸ਼ਿਕਾਇਤਾਂ ਦਾਇਰ ਕਰਨ ਅਤੇ ਉਹਨਾਂ ਦੀ ਸਥਿਤੀ ਬਾਰੇ ਜਾਣਨ ਲਈ ਵੱਟਸਐਪ ਚੈਟਬੋਟ ਦੀ ਵਰਤੋਂ ਕਰ ਸਕਣਗੇ।

“ਜਨਤਕ ਸ਼ਿਕਾਇਤਾਂ ਦਾ ਸਮੇਂ ਸਿਰ ਨਿਬੇੜਾ ਕਰਨਾ ਪੰਜਾਬ ਸਰਕਾਰ ਲਈ ਬਹੁਤ ਮਹੱਤਵਪੂਰਨ ਹੈ। “ਡਿਜੀਟਲ ਸਿਟੀਜ਼ਨ ਸਰਵਿਸਿਜ਼ ਫਸਟ” ਪਹੁੰਚ ਦੇ ਹਿੱਸੇ ਵਜੋਂ,ਅਸੀਂ 2018 ਤੋਂ ਨਾਗਰਿਕ ਕੇਂਦਰਿਤ ਮਿਉਂਸਪਲ ਸੇਵਾਵਾਂ ਨੂੰ ਡਿਜੀਟਲਾਈਜ ਕੀਤਾ ਹੈ ਅਤੇ 10 ਤੋਂ ਵਧੇਰੇ ਸੇਵਾਵਾਂ ਤੱਕ ਆਨਲਾਈਨ ਪਹੁੰਚ ਕੀਤੀ ਜਾ ਸਕਦੀ ਹੈ। ਸੇਵਾਵਾਂ ਦਾ ਵਿਸਥਾਰ ਕਰਦਿਆਂ ਹੁਣ ਅਸੀਂ ਵਿਆਪਕ ਤੌਰ 'ਤੇ ਵਰਤੇ ਜਾਂਦੇ ਮੈਸੇਜਿੰਗ ਪਲੇਟਫਾਰਮ, ਵਟਸਐਪ ਨਾਲ ਨਾਗਰਿਕ ਸ਼ਿਕਾਇਤਾਂ ਦੇ ਹੱਲ ਦਾ ਟੀਚਾ ਰੱਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਾਗਰਿਕਾਂ ਦੇ ਤਜਰਬੇ ਵਿੱਚ ਸੁਧਾ ਆਵੇਗਾ ਅਤੇ ਮੁੱਦਿਆਂ ਦੇ ਤੇਜੀ ਨਾਲ ਨਿਪਟਾਰੇ ਨਾਲ ਨਾਗਰਿਕਾਂ ਵਿਚ ਆਪਸੀ ਸਾਂਝ ਵਧੇਗੀ। ”

ਬੁਲਾਰੇ ਨੇ ਅੱਗੇ ਦੱਸਿਆ ਕਿ ਲੋਕ ਮਿਸਡ ਕਾਲ ਦੇ ਕੇ ਜਾਂ 87509-75975 'ਤੇ ਵਟਸਐਪ ਮੈਸੇਜ਼ ਕਰਕੇ ਚੈਟਬੋਟ ਤੱਕ ਪਹੁੰਚ ਕਰ ਸਕਦੇ ਹਨ। ਇਕ ਵਾਰ ਚੈਟ ਸ਼ੁਰੂ ਹੋਣ ਤੋਂ ਬਾਅਦ, ਚੈਟਬੋਟ ਉਨ੍ਹਾਂ ਨੂੰ ਸ਼ਿਕਾਇਤਾਂ ਦੀ ਸੂਚੀ ਵਿਚੋਂ ਆਪਣੀਆਂ ਸ਼ਿਕਾਇਤਾਂ ਦਾਇਰ ਕਰਨ, ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਨਾਲ ਤਸਵੀਰਾਂ ਅਟੈਚ ਕਰਨ ਅਤੇ ਹਰ ਸ਼ਿਕਾਇਤਾਂ ਦੀ ਸਥਿਤੀ ਬਾਰੇ ਜਾਣਨ ਸਬੰਧੀ ਸੇਧ ਪ੍ਰਦਾਨ ਕਰੇਗੀ ਅਤੇ ਇਸ ਤਰ੍ਹਾਂ ਸ਼ਹਿਰੀ ਸਥਾਨਕ ਸਰਕਾਰਾਂ ਦੇ ਦਫ਼ਤਰ ਜਾਣ ਜਾਂ ਵੈਬ ਪੋਰਟਲ ਤੇ ਲੌਗ ਇਨ ਕਰਨ ਅਤੇ ਨੈਵੀਗੇਟ ਕਰਨ ਦੀ ਜ਼ਰੂਰਤ ਨਹੀਂ ਰਹੇਗੀ। ਜਿਵੇਂ ਕਿ ਨਾਗਰਿਕ ਸਥਾਨਕ ਸਰਕਾਰ ਤੋਂ ਸੁਖਾਲੀ ਪ੍ਰਕਿਰਿਆ, ਆਸਾਨ ਪਹੁੰਚ, ਜਲਦ ਜਵਾਬ ਅਤੇ ਜਵਾਬਦੇਹੀ ਦੀ ਮੰਗ ਕਰਦੇ ਹਨ, ਐਮਸੇਵਾ ਵਟਸਐਪ ਬੋਟ ਨਾਗਰਿਕਾਂ ਨੂੰ ਫੋਨ ਜ਼ਰੀਏ ਸਰਕਾਰ ਦੇ ਨੇੜੇ ਲੈ ਕੇ ਆਵੇਗੀ। 400 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦੇ ਨਾਲ, ਭਾਰਤ ਵੱਟਸਐਪ ਲਈ ਵਿਸ਼ਵ ਪੱਧਰ 'ਤੇ ਸਭ ਤੋਂ ਵੱਡੀ ਮਾਰਕੀਟ ਬਣ ਗਿਆ ਹੈ। ਵੱਧ ਤੋਂ ਵੱਧ ਨਾਗਰਿਕਾਂ ਲਈ ਵਟਸਐਪ ਦੀ ਵਿਆਪਕ ਅਤੇ ਆਸਾਨ ਪਹੁੰਚ ਲਈ ਪੰਜਾਬ ਮਿਉਂਸਪਲ ਬੁਨਿਆਦੀ ਵਿਕਾਸ ਕੰਪਨੀ (ਪੀ.ਐੱਮ.ਆਈ.ਡੀ.ਸੀ.), ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨੇ ਡਿਜੀਟਲ ਟਰਾਂਸਫਾਰਮੇਸ਼ਨ ਦੀ ਰੌਸ਼ਨੀ ਵਿੱਚ ਈ-ਗਵ ਸੰਸਥਾ ਨਾਲ ਭਾਈਵਾਲੀ ਵਿੱਚ ਇਹ ਤਕਨਾਲੋਜੀ ਅਧਾਰਤ ਪਹਿਲ ਕੀਤੀ ਹੈ। ਪੀ.ਐਮ.ਆਈ.ਡੀ.ਸੀ ਅਤੇ ਈ-ਗਵ ਪਹਿਲਾਂ ਹੀ ਐਮਸੇਵਾ ਵਟਸਐਪ ਬੋਟ 'ਤੇ ਸੇਵਾਵਾਂ ਦੇ ਵਿਸਥਾਰ ਲਈ ਮਿਲ ਕੇ ਕੰਮ ਕਰ ਰਹੇ ਹਨ ਅਤੇ ਅਗਲੇ 3-4 ਮਹੀਨਿਆਂ ਵਿਚ ਪੰਜਾਬ ਭਰ ਦੇ ਨਾਗਰਿਕ ਵੀ ਐਮਸੇਵਾ ਵਟਸਐਪ ਚੈਟਬੋਟ ਰਾਹੀਂ ਆਪਣੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਨੂੰ ਦੀ ਅਦਾਇਗੀ ਕਰ ਸਕਣਗੇ ਅਤੇ ਵੇਖ ਸਕਣਗੇ।

ਇਸ ਦੌਰਾਨ ਈ-ਗਵ ਦੇ ਸੀਈਓ ਵਿਰਾਜ ਤਿਆਗੀ ਨੇ ਕਿਹਾ ਕਿ ਇਹ ਕਦਮ ਨਾਗਰਿਕ ਸੇਵਾਵਾਂ ਦੀ ਸਪੁਰਦਗੀ ਵਿੱਚ ਤਬਦੀਲੀ ਲਿਆਉਣ ਲਈ ਮਹੱਤਵਪੂਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸਹਿਰਾਂ ਵਿਚ ਲੋਕਾਂ ਦੀ ਜ਼ਿੰਦਗੀ ਦੇ ਮਿਆਰ ਵਿੱਚ ਸੁਧਾਰ ਲਿਆਉਣ ਤੋਂ ਇਲਾਵਾ ਨਾਗਰਿਕਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕਰਨਾ ਪ੍ਰਮੁੱਖ ਤਰਜੀਹ ਹੈ ਅਤੇ ਈ-ਗਵ ਜਨਤਕ ਡਿਜੀਟਲ ਗੁੱਡ- ਡਿਜਿਟ- ਓਪਨ-ਸੋਰਸ ਪਲੇਟਫਾਰਮ ਨਾਲ ਇਸਨੂੰ ਹੋਰ ਬਲ ਦੇ ਰਿਹਾ ਹੈ। ਗੌਰਤਲਬ ਹੈ ਕਿ ਈ-ਗਵ ਸੰਸਥਾ ਦੀ ਸਥਾਪਨਾ 2003 ਵਿੱਚ ਨੰਦਨ ਨੀਲਕਨੀ ਅਤੇ ਸ੍ਰੀਕਾਂਤ ਨਾਧਮੁਨੀ ਦੁਆਰਾ ਸ਼ਹਿਰ ਦੇ ਪ੍ਰਬੰਧਕਾਂ ਨਾਲ ਭਾਈਵਾਲੀ ਲਈ ਕੀਤੀ ਗਈ ਸੀ ਤਾਂ ਜੋ ਸਾਡੇ ਸਹਿਰਾਂ ਵਿੱਚ ਜੀਵਨ ਦੇ ਚੰਗੇ ਮਿਆਰ ਲਈ ਤਕਨਾਲੋਜੀ ਦਾ ਲਾਭ ਉਠਾਇਆ ਜਾ ਸਕੇ।


Deepak Kumar

Content Editor

Related News