ਕੈਪਟਨ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਸੀਨੀਅਰ ਮੰਤਰੀਆਂ ਨੂੰ ਸੌਂਪੀ
Monday, Sep 30, 2019 - 06:50 PM (IST)

ਜਲੰਧਰ,(ਧਵਨ): ਪੰਜਾਬ 'ਚ 21 ਅਕਤੂਬਰ ਨੂੰ ਹੋ ਰਹੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਸਬੰਧੀ ਸਭ ਤੋਂ ਵਕਾਰੀ ਮੰਨੀ ਜਾ ਰਹੀ ਜਲਾਲਾਬਾਦ ਸੀਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਮਾਨ ਸੰਭਾਲ ਲਈ ਹੈ। ਅੱਜ ਉਨ੍ਹਾਂ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਚੋਣ ਪ੍ਰਬੰਧ ਤੇ ਪ੍ਰਚਾਰ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕੈਬਿਨੇਟ ਮੰਤਰੀ ਡਾਕਟਰ ਸਾਧੂ ਸਿੰਘ ਧਰਮਸੋਤ ਤੇ ਅਨੇਕਾਂ ਵਿਧਾਇਕਾਂ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਡਿਊਟੀਆਂ ਵੰਡੀਆਂ । ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਕਾਂਗਰਸ ਨੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਆਂਵਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਿਨ੍ਹਾਂ ਦਾ ਸਿੱਧਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਨਾਲ ਹੋਣਾ ਹੈ। ਜਲਾਲਾਬਾਦ ਵਿਧਾਨ ਸਭਾ ਸੀਟ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਮਗਰੋਂ ਖ਼ਾਲੀ ਹੋਈ ਸੀ, ਇਸ ਲਈ ਪੰਜਾਬ ਦੇ ਚੋਣ ਪਰਿਪੇਖ 'ਚ ਜਲਾਲਾਬਾਦ ਹਲਕੇ ਨੂੰ ਸਭ ਤੋਂ ਹਾਟ ਸੀਟ ਮੰਨਿਆ ਜਾ ਰਿਹਾ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਕੀਤੀ ਜਿਸ 'ਚ ਉਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਸਣੇ ਸਭਨਾਂ ਮੰਤਰੀਆਂ ਨੂੰ ਜਲਾਲਾਬਾਦ ਦੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜ ਬਣਾਕੇ ਉਨ੍ਹਾਂ ਨੂੰ ਜਿੰਮੇਵਾਰੀਆਂ ਸੌਂਪ ਦਿੱਤੀਆਂ । ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਸਮੁੱਚੇ ਪ੍ਰਚਾਰ ਦਾ ਕੰਮ ਆਪਣੀ ਨਿਗਰਾਨੀ 'ਚ ਚਲਾਉਣਗੇ, ਜਦਕਿ ਜ਼ਰੂਰਤ ਪੈਣ 'ਤੇ ਅਕਾਲੀ ਗ਼ਲਬੇ ਬਾਰੇ ਖੇਤਰਾਂ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਲਈ ਸੱਦਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਮੰਤਰੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਜਾਵੇਗਾ ਤੇ ਬਾਅਦ 'ਚ ਉਹ ਖ਼ੁਦ ਜਲਾਲਾਬਾਦ ਵਿਧਾਨ ਸਭਾ ਖੇਤਰ 'ਚ ਰੋਡ ਸ਼ੋਅ ਤੇ ਚੋਣ ਜਲਸਿਆਂ 'ਚ ਹਿੱਸਾ ਲੈਣ ਲਈ ਜਾਣਗੇ । ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਰੋਜ਼ਾਨਾ ਚੋਣ ਜਲਸਿਆਂ 'ਚ ਹਿੱਸਾ ਲੈਣਗੇ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਮੈਦਾਨ 'ਚ ਕੁੱਦ ਪੈਣ ਨਾਲ ਜਲਾਲਾਬਾਦ ਖੇਤਰ 'ਚ ਉਨ੍ਹਾਂ ਨੇ ਕਾਂਗਰਸੀਆਂ ਨੂੰ ਗਤੀਸ਼ੀਲ ਕਰ ਦਿੱਤਾ ਹੈ। ਕੈਪਟਨ ਨੇ ਆਪਣੇ ਵਿਸ਼ਵਾਸ ਪਾਤਰਾਂ ਨੂੰ ਜਲਾਲਾਬਾਦ ਸੀਟ 'ਤੇ ਨਜ਼ਰ ਰੱਖਣ ਲਈ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ।