ਕੈਪਟਨ ਨੇ ਕੋਵਿਡ-19 ਤੋਂ ਬਾਅਦ ਵਿਕਾਸ ਨੂੰ ਮੁੜ ਬਹਾਲ ਕਰਨ ਲਈ ਬਣਾਇਆ ''ਮਾਹਿਰ ਗਰੁੱਪ''
Sunday, Apr 26, 2020 - 01:29 AM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਕੋਵਿਡ-19 ਤੋਂ ਬਾਅਦ ਉਭਾਰਨ ਲਈ ਨੀਤੀ ਘੜਨ ਵਾਸਤੇ ਮਾਹਿਰ ਗਰੁੱਪ ਬਣਾਇਆ ਹੈ, ਜਿਸ ਦੇ ਮੁਖੀ ਪ੍ਰਸਿੱਧ ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਹੋਣਗੇ। ਮਾਹਿਰਾਂ ਦਾ ਇਹ ਗਰੁੱਪ ਜਿਸ ਵਿੱਚ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਤੇ ਵੱਡੇ ਉਦਯੋਗਪਤੀ ਵੀ ਹਨ, ਪੰਜਾਬ ਸਰਕਾਰ ਨੂੰ ਛੋਟੇ ਸਮੇਂ (ਇਕ ਸਾਲ) ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਸ਼ਾਂ ਕਰੇਗਾ। ਇਨ੍ਹਾਂ ਸਿਫਾਰਸ਼ਾਂ ਵਿੱਚ ਕੋਵਿਡ-19 ਸੰਕਟ ਤੋਂ ਬਾਅਦ ਸੂਬੇ ਦੀ ਆਰਥਿਕਤਾ ਨੂੰ ਮੁੜ ਬਹਾਲ ਕਰਨ ਲਈ ਵਿੱਤੀ ਨੀਤੀਗਤ ਪ੍ਰਬੰਧਨ ਅਤੇ ਹੋਰ ਨੀਤੀਗਤ ਉਪਾਅ ਸ਼ਾਮਲ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੌਂਟੇਕ ਸਿੰਘ ਆਹਲੂਵਾਲੀਆ ਦੀ ਧੰਨਵਾਦੀ ਹੈ, ਜਿਨ੍ਹਾਂ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਤਰੀਕੇ ਲੱਭਣ ਦੇ ਔਖੇ ਕੰਮ ਦਾ ਜ਼ਿੰਮਾ ਸੌਂਪਣ ਦੀ ਹਾਮੀ ਭਰੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਕੋਵਿਡ-19 ਉਪਰੰਤ ਸਮੇਂ ਵਿੱਚ ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਵਿਆਪਕ ਨੀਤੀ ਘੜਨ ਵਾਸਤੇ ਇਕ ਮਾਹਿਰਾਂ ਦਾ ਗਰੁੱਪ ਬਣਾਇਆ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਮੁਤਾਬਕ ਇਹ 20-ਮੈਂਬਰੀ ਗਰੁੱਪ ਆਪਣੀਆਂ ਸਿਫਾਰਸ਼ਾਂ ਦੀ ਮੁੱਢਲੀ ਰਿਪੋਰਟ 31 ਜੁਲਾਈ 2020 ਤੱਕ ਸੌਂਪੇਗਾ ਅਤੇ ਇਸ ਤੋਂ ਬਾਅਦ 30 ਸਤੰਬਰ ਅਤੇ 31 ਦਸੰਬਰ 2020 ਤੱਕ ਦੋ ਹੋਰ ਰਿਪੋਰਟਾਂ ਸੌਂਪੇਗਾ। ਬੁਲਾਰੇ ਨੇ ਦੱਸਿਆ ਕਿ ਪਹਿਲੀਆਂ ਦੋ ਰਿਪੋਰਟਾਂ ਵਿੱਚ ਤਿੰਨ ਮਹੀਨਿਆਂ ਦਾ ਪਾੜਾ ਗਰੁੱਪ ਨੂੰ ਵਧੇਰੇ ਪ੍ਰਭਾਵ ਨੂੰ ਮੁੜ ਘੋਖਣ ਦੀ ਆਗਿਆ ਮਿਲੇਗੀ, ਜੇਕਰ ਕੋਵਿਡ-19 ਗਰਮੀਆਂ 'ਚ ਭਾਰਤ ਭਰ 'ਚ ਫੈਲ ਜਾਂਦਾ ਹੈ। ਗਰੁੱਪ ਨੂੰ ਮੁੱਖ ਕਾਰਜਾਂ ਦੀ ਸ਼ਨਾਖਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ, ਜਿਸ ਦੀ ਪੰਜਾਬ ਨੂੰ ਨਵੀਂ ਸਧਾਰਨ ਵਿਕਾਸ ਦਰ ਅਤੇ ਇਸ ਨੂੰ ਦੇਸ਼ ਅਤੇ ਵਿਸ਼ਵ ਵਿੱਚ ਉਸ ਦੀ ਪਹਿਲੇ ਸਥਾਨ ਦੀ ਬਹਾਲੀ ਲਈ ਪੰਜਾਬ ਦੀ ਸਹਾਇਤਾ ਦੀ ਲੋੜ ਹੈ।