ਕੋਵਿਡ ਨਾਲ ਨਜਿੱਠਣ ਲਈ 300 ਕਰੋੜ ਤੋਂ ਵੱਧ ਰਕਮ ਖਰਚੀ : ਕੈਪਟਨ

Saturday, Jul 25, 2020 - 12:15 AM (IST)

ਕੋਵਿਡ ਨਾਲ ਨਜਿੱਠਣ ਲਈ 300 ਕਰੋੜ ਤੋਂ ਵੱਧ ਰਕਮ ਖਰਚੀ : ਕੈਪਟਨ

ਚੰਡੀਗੜ੍ਹ,(ਅਸ਼ਵਨੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਕੋਰੋਨਾ ਦੀ ਰੋਕਥਾਮ ਲਈ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚੀ ਜਾ ਚੁੱਕੀ ਹੈ। ਕੈਪਟਨ ਨੇ ਕਿਹਾ ਕਿ ਰਾਹਤ ਫੰਡ ਵਿਚ ਬਾਕੀ ਪਏ 64,86,10,456 ਰੁਪਏ ਦੀ ਰਕਮ ਉਨ੍ਹਾਂ ਕਰੋੜਾਂ ਰੁਪਇਆਂ ਦੇ ਮੁਕਾਬਲੇ ਸਮੁੰਦਰ ਵਿਚ ਬੂੰਦ ਵਾਂਗ ਹਨ, ਜਿਹੜੇ ਉਨ੍ਹਾਂ ਦੀ ਸਰਕਾਰ ਕੋਰੋਨਾ ਵਾਇਰਸ ਖਿਲਾਫ਼ ਲੜਾਈ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਕੋਵਿਡ ਇਲਾਜ ਕੇਂਦਰਾਂ ਦੀ ਸਥਾਪਤੀ, ਵਧੀਕ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਸ਼ਮੂਲੀਅਤ, ਪੀ. ਪੀ. ਈ ਕਿੱਟਾਂ ਦੀ ਖਰੀਦ ਅਤੇ ਹੋਰ ਜ਼ਰੂਰੀ ਉਪਕਰਨਾਂ 'ਤੇ ਪਹਿਲਾਂ ਹੀ ਖਰਚ ਚੁੱਕੀ ਹੈ। ਅਜਿਹੇ ਵਿਚ ਅਕਾਲੀਆਂ ਵਲੋਂ ਮੁੱਖ ਮੰਤਰੀ ਰਾਹਤ ਫੰਡ ਵਿਚ 64 ਕਰੋੜ ਦੀ ਰਾਸ਼ੀ ਬਾਰੇ ਸਵਾਲ ਉਠਾਉਣਾ ਬੇਤੁਕਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੰਗਾਮੀ ਉਦੇਸ਼ਾਂ ਲਈ ਇਹ ਫੰਡ ਰੱਖੇ ਹਨ, ਜਿਨ੍ਹਾਂ ਨੂੰ ਲੋੜ ਪੈਣ 'ਤੇ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤਕ, ਸਿਹਤ ਵਿਭਾਗ ਵਲੋਂ ਇਕੱਲਿਆਂ ਹੀ ਹੋਰਨਾਂ ਜ਼ਰੂਰਤਾਂ ਦੇ ਨਾਲ-ਨਾਲ ਐਂਬੂਲੈਂਸਾਂ, ਆਕਸੀਜਨ ਸਿਲੰਡਰਾਂ, ਉਪਭੋਗੀ ਵਸਤਾਂ, ਦਵਾਈਆਂ, ਤਿੰਨ ਪਰਤੀ ਮਾਸਕਾਂ ਐੱਨ.95, ਪੀ. ਪੀ. ਈ, ਵੀ. ਟੀ. ਐੱਮ ਕਿੱਟਾਂ ਵਰਗੀਆਂ ਕੋਵਿਡ ਇਲਾਜ ਲਈ ਜ਼ਰੂਰੀ ਚੀਜ਼ਾਂ 'ਤੇ 150 ਕਰੋੜ ਦੇ ਕਰੀਬ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ 398 ਸ਼੍ਰਮਿਕ ਰੇਲ ਗੱਡੀਆਂ ਰਾਹੀਂੀਂ 5.20 ਲੱਖ ਪ੍ਰਵਾਸੀ ਕਿਰਤੀਆਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ 'ਚ ਘਰਾਂ ਤੱਕ ਪਹੁੰਚਾਉਣ ਲਈ 29.5 ਕਰੋੜ ਖਰਚ ਕਰ ਚੁੱਕੀ ਹੈ। ਉਧਰ ਇਸ ਮਾਮਲੇ 'ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਮੁੱਖ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਹੈ। ਚੀਮਾ ਨੇ ਕਿਹਾ ਕਿ ਆਖ਼ਰਕਾਰ ਮੁੱਖ ਮੰਤਰੀ ਨੇ ਕੋਰੋਨਾ ਰਾਹਤ ਫੰਡ ਦਾ ਇਸਤੇਮਾਲ ਨਾ ਕੀਤੇ ਜਾਣ ਦੀ ਗੱਲ ਕਬੂਲ ਲਈ ਹੈ।
 


author

Deepak Kumar

Content Editor

Related News