ਗਰਮਜੋਸ਼ੀ ਵਾਲੀ ਮੁਲਾਕਾਤ ''ਚ ''ਕੈਪਟਨ'' ਨੇ ''ਸਿੱਧੂ'' ਨੂੰ ਪਾਈ ਗਲਵੱਕੜੀ, ਖ਼ਤਮ ਹੋਈ ਕੋਲਡ ਵਾਰ

Thursday, Mar 18, 2021 - 09:06 AM (IST)

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਬੁੱਧਵਾਰ ਨੂੰ ਹੋਈ ਮੁਲਾਕਾਤ ਕਾਫ਼ੀ ਗਰਮਜੋਸ਼ੀ ਵਾਲੀ ਰਹੀ। ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੂ ਦੇ ਨਾਲ ਗਲੇ ਮਿਲਦੇ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਸਿੱਧੂ ਨੇ ਮੁਲਾਕਾਤ ਤੋਂ ਤੁਰੰਤ ਬਾਅਦ ਟਵੀਟ ਕਰਦਿਆਂ ਲਿਖਿਆ, ‘ਆਜ਼ਾਦ ਰਹੋ ਵਿਚਾਰੋਂ ਸੇ, ਪਰ ਬੰਧੇ ਰਹੋ ਸੰਸਕਾਰੋਂ ਸੇ... ਤਾਂ ਕਿ ਆਸ ਅਤੇ ਵਿਸ਼ਵਾਸ ਰਹੇ ਕਿਰਦਾਰੋਂ ਪੇ।’ ਬੇਸ਼ੱਕ ਇਸ ਦੇ ਜੋ ਵੀ ਮਾਇਨੇ ਹੋਣ ਪਰ ਮੰਨਿਆ ਇਹੀ ਜਾ ਰਿਹਾ ਹੈ ਕਿ ਕੈਪਟਨ ਅਤੇ ਸਿੱਧੂ ਵਿਚਕਾਰ ਕੋਲਡ ਵਾਰ ਦਾ ਖ਼ਾਤਮਾ ਹੋ ਗਿਆ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਕੈਪਟਨ ਨੇ ਸਿੱਧੂ ਦੀ ਕੈਬਨਿਟ ਵਿਚ ਵਾਪਸੀ ’ਤੇ ਮੋਹਰ ਲਗਾ ਦਿੱਤੀ ਹੈ। ਸੰਭਵ ਹੈ ਕਿ ਛੇਤੀ ਹੀ ਸਿੱਧੂ ਨੂੰ ਕੁੱਝ ਅਹਿਮ ਮਹਿਕਮਿਆਂ ਦੀ ਜ਼ਿੰਮੇਵਾਰੀ ਦੇ ਨਾਲ ਮੰਤਰੀ ਅਹੁਦੇ ’ਤੇ ਵਿਰਾਜਮਾਨ ਕਰ ਦਿੱਤਾ ਜਾਵੇਗਾ। ਹਾਲਾਂਕਿ ਸਿੱਧੂ ਦੇ ਕਰੀਬੀ ਲਗਾਤਾਰ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਾਉਣ ਦੀ ਵਕਾਲਤ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਟਰਾਂਸਪੋਰਟਰ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ, ਸਿਵਿਆਂ 'ਚ ਪਈ ਲਾਸ਼ ਦੀ ਹਾਲਤ ਦੇਖ ਕੰਬੇ ਲੋਕ

ਇਹ ਵੱਖਰੀ ਗੱਲ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਇਸ ਗੱਲ ਨੂੰ ਸਿਰੇ ਤੋਂ ਨਕਾਰ ਚੁੱਕੇ ਹਨ। ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੌਰੇ ਦੌਰਾਨ ਰਾਵਤ ਨੇ ਕਿਹਾ ਸੀ ਕਿ ਇਹ ਕੋਰੀ ਅਫ਼ਵਾਹ ਹੈ। ਸਿੱਧੂ ਨੇ ਕਿਸੇ ਵੀ ਪੱਧਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ ’ਤੇ ਜ਼ਿੰਮੇਵਾਰੀ ਸੰਭਾਲਣ ਦੀ ਇੱਛਾ ਨਹੀਂ ਜਤਾਈ ਹੈ। ਰਾਵਤ ਨੇ ਇਹ ਤੱਕ ਕਿਹਾ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ ’ਤੇ ਸੁਨੀਲ ਜਾਖੜ ਚੰਗਾ ਕੰਮ ਕਰ ਰਹੇ ਹਨ। ਜਾਖੜ ਬਹੁਤ ਹੀ ਸਮਝਦਾਰ ਅਤੇ ਜਾਂਬਾਜ਼ ਆਗੂ ਹਨ। ਉਨ੍ਹਾਂ ਨੂੰ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਨ੍ਹਾਂ ਨੇ ਵਧੀਆ ਤਰੀਕੇ ਨਾਲ ਨਿਭਾਇਆ ਹੈ। ਇਸ ਲਈ ਹੁਣ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦੀ ਕੈਬਨਿਟ ਵਿਚ ਵਾਪਸੀ ਦਾ ਰਸਤਾ ਲਗਭਗ ਸਾਫ਼ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਹ ਮੰਤਰੀ ਦੇ ਅਹੁਦੇ ਦੀ ਕੁਰਸੀ ’ਤੇ ਵਿਰਾਜਮਾਨ ਦਿਖਾਈ ਦੇ ਸਕਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਪੀੜਤ 'ਸੁਖਬੀਰ ਬਾਦਲ' ਨੂੰ ਦਿੱਲੀ ਦੇ ਹਸਪਤਾਲ 'ਚ ਕੀਤਾ ਗਿਆ ਤਬਦੀਲ
ਉਪ ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਦਾ ਬਜ਼ਾਰ ਵੀ ਗਰਮ
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਦਾ ਬਜ਼ਾਰ ਵੀ ਗਰਮ ਰਿਹਾ। ਸਿੱਧੂ ਦੇ ਕੁੱਝ ਕਰੀਬੀਆਂ ਦਾ ਕਹਿਣਾ ਹੈ ਕਿ ਇਸ ਮੁਲਾਕਾਤ ਵਿਚ ਸਿੱਧੂ ਨੇ ਮੁੱਖ ਮੰਤਰੀ ਕੋਲ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਮੁੱਖ ਮੰਤਰੀ ਨੇ ਇਸ ’ਤੇ ਤੱਤਕਾਲ ਫ਼ੈਸਲਾ ਲੈਣ ਦੀ ਥਾਂ ਆਉਣ ਵਾਲੇ ਸਮੇਂ ਵਿਚ ਵਿਚਾਰ ਕਰਨ ਦੀ ਗੱਲ ਕਹੀ ਹੈ। ਸੰਭਵ ਹੈ ਕਿ ਇਸ ਮਸਲੇ ’ਤੇ ਹਾਈਕਮਾਨ ਦੇ ਪੱਧਰ ’ਤੇ ਮੰਥਨ ਹੋਵੇ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਦੀਆਂ ਚਰਚਾਵਾਂ ਗਰਮ ਹੋਈਆਂ ਹਨ। ਇਸ ਤੋਂ ਪਹਿਲਾਂ ਜਦੋਂ ਕਾਂਗਰਸ ਨੇ ਪੰਜਾਬ ਵਿਚ ਸੱਤਾ ਸੰਭਾਲੀ ਸੀ, ਤਦ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਸਿੱਧੂ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਪਰ ਜਦੋਂ ਸਹੁੰ ਚੁੱਕ ਸਮਾਗਮ ਹੋਇਆ ਤਾਂ ਸਾਰੀਆਂ ਕਿਆਸਬਾਜ਼ੀਆਂ ਧਰੀਆਂ ਰਹਿ ਗਈਆਂ। ਹੁਣ ਇੱਕ ਵਾਰ ਫਿਰ ਉਪ ਮੁੱਖ ਮੰਤਰੀ ਨੂੰ ਲੈ ਕੇ ਕਿਆਸਬਾਜ਼ੀਆਂ ਦਾ ਬਜ਼ਾਰ ਗਰਮ ਹੈ। 

ਇਹ ਵੀ ਪੜ੍ਹੋ : ਮਾਛੀਵਾੜਾ ਦੇ ਪਿੰਡ 'ਚ 'ਕਿਸਾਨ' ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਗ੍ਰਹਿ, ਖੇਤੀਬਾੜੀ ਵਰਗੇ ਅਹਿਮ ਮਹਿਕਮਿਆਂ ਦੇ ਮੰਤਰੀ ਬਣਨ ਦੀ ਚਰਚਾ
ਸਿੱਧੂ ਨੂੰ ਕੈਬਨਿਟ ਮੰਤਰੀ ਦੇ ਤੌਰ ’ਤੇ ਗ੍ਰਹਿ, ਖੇਤੀਬਾੜੀ ਮਹਿਕਮੇ ਵਰਗੇ ਅਹਿਮ ਮਹਿਕਮਿਆਂ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਬੇਸ਼ੱਕ ਇਸ ਦੀ ਕਿਸੇ ਵੀ ਪੱਧਰ ’ਤੇ ਕੋਈ ਆਧਿਕਾਰਿਕ ਮੋਹਰ ਨਹੀਂ ਲਾਈ ਗਈ ਹੈ ਪਰ ਦੱਸਿਆ ਇਹੀ ਜਾ ਰਿਹਾ ਹੈ ਕਿ ਸਿੱਧੂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਅਧੀਨ ਮਹਿਕਮਿਆਂ ਵਿਚੋਂ ਚੋਣਵੇਂ ਮਹਿਕਮਿਆਂ ਦਾ ਜ਼ਿੰਮਾ ਮਿਲ ਸਕਦਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਮੌਜੂਦਾ ਸਮੇਂ ਵਿਚ ਕਰੀਬ 22 ਮਹਿਕਮਿਆਂ ਦਾ ਜ਼ਿੰਮਾ ਹੈ। ਇਨ੍ਹਾਂ ਵਿਚੋਂ ਗ੍ਰਹਿ ਮਹਿਕਮੇ ਤੋਂ ਇਲਾਵਾ, ਐਗਰੀਕਲਚਰ ਐਂਡ ਫਾਰਮਰ ਵੈੱਲਫੇਅਰ, ਐਕਸਾਈਜ਼ ਐਂਡ ਟੈਕਸੇਸ਼ਨ, ਇੰਵੈਸਟਮੈਂਟ ਪ੍ਰਮੋਸ਼ਨ ਵਰਗੇ ਅਹਿਮ ਮਹਿਕਮੇ ਹਨ। ਇਸ ਕੜੀ ਵਿਚ ਬਿਜਲੀ ਅਤੇ ਰਿਨਿਊਏਬਲ ਐਨਰਜੀ ਵੀ ਮੁੱਖ ਮੰਤਰੀ ਕੋਲ ਹੈ। ਸੱਤਾ ਵਿਚ ਰਹਿੰਦੇ ਹੋਏ ਸਿੱਧੂ ਦੇ ਮਹਿਕਮਿਆਂ ਵਿਚ ਜਦੋਂ ਫੇਰਬਦਲ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਸਿੱਧੂ ਨੇ ਇਹ ਜ਼ਿੰਮੇਵਾਰੀ ਕਬੂਲ ਨਹੀਂ ਕੀਤੀ ਅਤੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਮੁੱਖ ਮੰਤਰੀ ਨੇ ਆਪਣੇ ਮਹਿਕਮਿਆਂ ਵਿੱਚੋਂ ਹੀ ਕੁਝ ਅਹਿਮ ਮਹਿਕਮਿਆਂ ਦਾ ਜ਼ਿੰਮਾ ਦੇਣ ਦਾ ਪ੍ਰਸਤਾਵ ਦਿੱਤਾ ਹੈ। ਇਸ ਕੜੀ ਵਿਚ ਉਪ ਮੁੱਖ ਮੰਤਰੀ ਦਾ ਪ੍ਰਸਤਾਵ ਵੀ ਵਿਚਾਰ ਅਧੀਨ ਹੈ, ਜਿਸ ’ਤੇ ਛੇਤੀ ਹੀ ਫ਼ੈਸਲਾ ਲਿਆ ਜਾ ਸਕਦਾ ਹੈ।
ਨੋਟ : ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੀ ਗਰਮਜੋਸ਼ੀ ਵਾਲੀ ਮੁਲਾਕਾਤ ਬਾਰੇ ਤੁਹਾਡੀ ਕੀ ਹੈ ਰਾਏ?


Babita

Content Editor

Related News