ਡਰਾਮੇਬਾਜ਼ੀ ਦੀ ਜਗ੍ਹਾ ਬੇਰੁਜ਼ਗਾਰਾਂ ਲਈ ਨੌਕਰੀਆਂ ਦਾ ਕੈਪਟਨ ਨੂੰ ਹੁਕਮ ਦਿੰਦੇ ਰਾਹੁਲ ਗਾਂਧੀ: ਚੁੱਘ
Tuesday, Oct 06, 2020 - 11:42 PM (IST)

ਅੰਮ੍ਰਿਤਸਰ, (ਕਮਲ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਦੇ ਆਲਟਾਈਮ ਫਲਾਪ ਲੀਡਰ ਰਾਹੁਲ ਗਾਂਧੀ ਦੀ ਕਿਸਾਨ ਵਿਰੋਧੀ ਪੰਜਾਬ ਫੇਰੀ ਨੂੰ ਸਿਆਸੀ ਟੂਰਿਜ਼ਮ ਦੱਸਦਿਆਂ ਕਿਹਾ ਕਿ ਇਹ ਸਿਰਫ ਇਕਤਰਫਾ ਫੋਟੋ ਸ਼ੂਟ ਸਾਬਤ ਹੋਇਆ ਹੈ। ਚੁੱਘ ਨੇ ਰਾਹੁਲ ਗਾਂਧੀ ਨੂੰ ਨਰਿੰਦਰ ਮੋਦੀ ਫੋਬੀਆ ਦਾ ਸ਼ਿਕਾਰ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੇ 6 ਸਾਲਾਂ ਵਿਚ ਮੋਦੀ ਵਿਰੋਧ ਦੀ ਆੜ ਵਿਚ ਇਹ ਦੇਸ਼, ਕਿਸਾਨ, ਮਜ਼ਦੂਰ, ਜਵਾਨ, ਔਰਤ, ਦਲਿਤ, ਪੱਛੜੇ, ਸ਼ੋਸ਼ਿਤ ਵਰਗਾਂ ਨੂੰ ਵੀ ਭਰਮ ’ਚ ਪਾਉਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਚੁੱਘ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਖੇਤੀਬਾੜੀ ਖੇਤਰ ਨੂੰ ਖੁਸ਼ਹਾਲ ਅਤੇ ਕਿਸਾਨਾਂ ਨੂੰ ਤਾਕਤਵਰ ਬਣਾਉਣ ਲਈ ਹੈ ਇਹ ਜਾਣਦੇ ਹੋਏ ਸੋਨੀਆ ਗਾਂਧੀ ਧ੍ਰਿਤਰਾਸ਼ਟਰ ਵਾਂਗ ਖਾਮੋਸ਼ ਬੈਠੀ ਹੈ, ਜਦੋਂਕਿ ਉਨ੍ਹਾਂ ਦੀ ਪਾਰਟੀ ਦੇ ਦੋ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਦੁਰਯੋਧਨ ਅਤੇ ਦੁਸ਼ਾਸਨ ਵਾਂਗ ਸਾਜਿਸ਼ ਕਰ ਰਹੇ ਹਨ ਅਤੇ ਭੋਲੇ-ਭਾਲੇ ਕਿਸਾਨਾਂ ਨੂੰ ਭੜਕਾ ਰਹੇ ਹਨ।
ਚੁੱਘ ਨੇ ਕਿਹਾ ਕਿ ਪੰਜ ਸਿਤਾਰਾ ਕਲਚਰ ਦੀ ਸੋਫਾ ਰਾਜਨੀਤੀ ਅਤੇ ਝੂਠ ਦੀ ਰਾਜਨੀਤੀ ਕਰਨ ਵਾਲੇ ਰਾਹੁਲ ਗਾਂਧੀ ਨੂੰ ਕਿਸਾਨ ਅਤੇ ਕਿਸਾਨਾਂ ਦੇ ਹਿੱਤ ਨਾਲ ਕੋਈ ਸਰੋਕਾਰ ਨਹੀ ਹੈ। ਪੰਜਾਬ ਵਿਚ ਆ ਕੇ ਰਾਹੁਲ ਨੇ ਇਕ ਵੀ ਕਿਸਾਨ ਦੇ ਘਰ ਜਾ ਕੇ ਖੈਰੀਅਤ ਪਤਾ ਨਹੀਂ ਕੀਤੀ। ਚੁੱਘ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸੀਆਂ ਦੀ ਸਰਪ੍ਰਸਤੀ ਵਿਚ ਵਿਕੀ ਨਕਲੀ ਜ਼ਹਿਰੀਲੀ ਸ਼ਰਾਬ ਪੀਣ ਨਾਲ 125 ਦਲਿਤਾਂ ਦੇ ਮਰਨ ’ਤੇ ਉਦੋਂ ਰਾਹੁਲ ਗਾਂਧੀ ਪੰਜਾਬ ਉਨ੍ਹਾਂ ਦੇ ਘਰ ਕਿਉਂ ਨਹੀ ਆਏ? ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਅਗਾਹ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਤਿੰਨ ਕਰੋੜ ਜਨਤਾ ਨੂੰ ਵਰਗਲਾਉਣ ਤੋਂ ਉਹ ਬਾਜ ਆਏ ਨਹੀਂ ਤਾਂ ਅਗਾਮੀ ਵਿਧਾਨਸਭਾ ਚੋਣਾਂ ’ਚ ਪੰਜਾਬ ਨੂੰ ਵੀ ਕਾਂਗਰਸਮੁਕਤ ਕਰਨ ਤੋਂ ਜਨਤਾ ਗੁਰੇਜ਼ ਨਹੀਂ ਕਰੇਗੀ ।