ਆਪਣੇ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਨੇ ਪੰਜਾਬ ਨੂੰ ਵੇਚ ਦਿੱਤਾ : ਭਗਵੰਤ ਮਾਨ

Tuesday, Dec 15, 2020 - 11:00 PM (IST)

ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਦੀ ਕਠਪੁਤਲੀ ਦੱਸਦਿਆਂ ਉਨ੍ਹਾਂ ’ਤੇ ਗੰਭੀਰ ਦੋਸ਼ ਲਾਏ ਹਨ। ਮਾਨ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਕਮਜ਼ੋਰੀਆਂ ਕਾਰਨ ਮੋਦੀ-ਅਮਿਤ ਸ਼ਾਹ ਕੋਲ ਪੂਰੇ ਪੰਜਾਬ ਦਾ ਹੀ ਸੌਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਨ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਿਚ ਥੋੜ੍ਹੀ ਬਹੁਤੀ ਹਿੰਮਤ ਹੈ ਤਾਂ ਉਹ ਕਿਸਾਨ ਅੰਦੋਲਨ ਵਿਚ ਜਾ ਕੇ ਅੰਨਦਾਤਾ ਦੇ ਹੱਕ ਵਿਚ ਕੇਂਦਰ ਦੀ ਮੋਦੀ ਸਰਕਾਰ ਨੂੰ ਲਲਕਾਰ ਕੇ ਦਿਖਾਉਣ। ਭਗਵੰਤ ਮਾਨ ਨੇ ਕੈ. ਅਮਰਿੰਦਰ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਕੀ ਉਹ ਦੱਸ ਸਕਦੇ ਹਨ ਕਿ ਚਾਰ ਸਾਲਾਂ ਦੇ ਸ਼ਾਸਨ ਅਤੇ ਇਸ ਪੂਰੇ ਕਿਸਾਨ ਅੰਦੋਲਨ ਵਿਚ ਤੁਸੀਂ ਕਿਸਾਨਾਂ ਲਈ ਕਿਹੜਾ ਫੈਸਲਾਕੁੰਨ ਕਦਮ ਚੁੱਕਿਆ ਹੈ?

ਮਾਨ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਤੁਹਾਡੀ ਜੀਭ ’ਤੇ ਅੰਨਦਾਤਾ ਦੇ ਹੱਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੱਦ ਖ਼ਿਲਾਫ਼ ਇਕ ਸ਼ਬਦ ਨਾ ਬੋਲਣ ਵਾਲਾ ਤਾਲਾ ਕਿਸ ਨੇ ਲਾਇਆ? ਮੁੱਖ ਮੰਤਰੀ ਦੇ ਪੈਰਾਂ ਵਿਚ ਕਿਹੜੀ ਜ਼ੰਜੀਰ ਹੈ, ਜਿਸ ਕਾਰਣ ਉਹ ਅੰਦੋਲਨਕਾਰੀ ਕਿਸਾਨਾਂ ਵਿਚ ਜਾ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਵਾਧੂ ਸਹੂਲਤਾਂ ਨਹੀਂ ਦੇ ਸਕਦੇ, ਉਨ੍ਹਾਂ ਦਾ ਹੌਸਲਾ ਨਹੀਂ ਵਧਾ ਸਕਦੇ ਅਤੇ ਉਨ੍ਹਾਂ ਵਿਚ ਖੜ੍ਹੇ ਹੋ ਕੇ ਕੇਂਦਰ ਸਰਕਾਰ ਨੂੰ ਸਖ਼ਤ ਸੰਦੇਸ਼ ਨਹੀਂ ਦੇ ਸਕਦੇ ਅਤੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲ ਸਕਦੇ?’ ਜਦੋਂ ਦਿੱਲੀ ਦੇ ਮੁੱਖ ਮੰਤਰੀ ਇਕ ਸੇਵਾਦਾਰ ਵਜੋਂ ਅੰਦੋਲਨਕਾਰੀ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੇ ਹੱਕ ਵਿਚ ਬੋਲ ਸਕਦੇ ਹਨ ਅਤੇ ਤਮਾਮ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਸਕਦੇ ਹਨ ਤਾਂ ਕੈਪਟਨ ਆਪਣੇ ਸ਼ਾਹੀ ਫਾਰਮ ਹਾਊਸ ਤੋਂ ਬਾਹਰ ਕਿਉਂ ਨਹੀਂ ਨਿਕਲਦੇ?

ਮਾਨ ਨੇ ਕਿਹਾ ਕਿ ਆਪਣੇ ਅਤੇ ਆਪਣੇ ਪਰਿਵਾਰ ’ਤੇ ਈ. ਡੀ. ਦੇ ਕੇਸ, ਵਿਦੇਸ਼ੀ ਬੈਂਕ ਖਾਤੇ ਅਤੇ ਪਾਕਿਸਤਾਨੀ ਮਹਿਮਾਨਾਂ ਵਰਗੀਆਂ ਅਨੇਕਾਂ ਕਮਜ਼ੋਰੀਆਂ ਨੇ ਕੈਪਟਨ ਨੂੰ ਮੋਦੀ-ਸ਼ਾਹ ਦੀ ਕਠਪੁਤਲੀ ਬਣਾ ਕੇ ਰੱਖ ਦਿੱਤਾ ਹੈ, ਜਿਸ ਦਾ ਖ਼ਮਿਆਜ਼ਾ ਨਾ ਕੇਵਲ ਅੰਦੋਲਨਕਾਰੀ ਅੰਨਦਾਤਾ, ਸਗੋਂ ਸਾਰਾ ਪੰਜਾਬ ਭੁਗਤ ਰਿਹਾ ਹੈ। ਮਾਨ ਨੇ ਕਿਹਾ ਕਿ ਕੈਪਟਨ ਸ਼ੁਰੂ ਤੋਂ ਹੀ ਕਾਲੇ ਖੇਤੀ ਕਾਨੂੰਨਾਂ ਦੇ ਪੱਖ ਵਿਚ ਖੜ੍ਹੇ ਹੋ ਕੇ ਕਿਸਾਨਾਂ ਨੂੰ ਗੁੰਮਰਾਹ ਅਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਰਹੇ ਹਨ।


Bharat Thapa

Content Editor

Related News