ਕੈਪਟਨ ਸਾਹਿਬ ਹੀ ਕਿਸਾਨਾਂ ਦੇ ਮਸੀਹਾ ਹਨ : ਵਿਰਕ, ਬੱਬੂ

10/28/2017 5:13:36 AM

ਸੁਲਤਾਨਪੁਰ ਲੋਧੀ, (ਧੀਰ)- ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੇ ਮਸੀਹਾ ਹਨ, ਜਿਨ੍ਹਾਂ ਦੇ ਮੁੱਖ ਮੰਤਰੀ ਬਣਨ 'ਤੇ ਹੀ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਆਪ ਸਾਰਾ ਕੁਝ ਠੀਕ ਹੋ ਜਾਂਦਾ ਹੈ। ਜਿਵੇਂ ਇਸ ਵਾਰ ਝੋਨੇ ਦੀ ਸੁਚਾਰੂ ਰੂਪ 'ਚ ਕੀਤੀ ਖਰੀਦ ਤੇ ਭੁਗਤਾਨ ਨਾਲ ਸਾਰੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਇਹ ਸ਼ਬਦ ਉੱਘੇ ਕਿਸਾਨ ਤੇ ਬਲਾਕ ਕਾਂਗਰਸ ਪ੍ਰਧਾਨ ਆਸਾ ਸਿੰਘ ਵਿਰਕ, ਬੱਬੂ ਖੈੜਾ ਸੀਨੀਅਰ ਕਾਂਗਰਸੀ ਆਗੂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। 
ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ 'ਚ ਕੇਂਦਰ 'ਚ ਵਿਰੋਧੀ ਸਰਕਾਰ ਹੋਣ ਦੇ ਬਾਵਜੂਦ ਜਿਸ ਪੂਰੀ ਯੋਜਨਾਬੰਦੀ ਨਾਲ ਕੈਪਟਨ ਸਰਕਾਰ ਨੇ ਹਰ ਵਰਗ ਦਾ ਖਿਆਲ ਰੱਖਿਆ ਹੈ, ਉਸ ਤੋਂ ਸਾਫ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀ ਕਿੰਨੀ ਕੁ ਚਿੰਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਬੀਤੇ 10 ਸਾਲਾਂ ਦੇ ਅਕਾਲੀ ਰਾਜ 'ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀ ਜੋ ਹਰ ਫਸਲ ਸਮੇਂ ਮੰਡੀ 'ਚ ਹਾਲਤ ਹੁੰਦੀ ਸੀ, ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। 
ਉਨ੍ਹਾਂ ਕਿਹਾ ਕਿ ਹਾਲੇ ਸਿਰਫ 6 ਮਹੀਨੇ ਹੀ ਕੈਪਟਨ ਸਾਹਿਬ ਦੇ ਰਾਜ ਨੂੰ ਹੋਏ ਹਨ, ਪਹਿਲਾਂ ਕਣਕ ਦੀ ਫਸਲ ਦੀ ਸੁਚਾਰੂ ਖਰੀਦ ਤੇ ਭੁਗਤਾਨ, ਹੁਣ ਝੋਨੇ ਦੀ ਫਸਲ ਦੀ ਖਰੀਦ, ਭੁਗਤਾਨ, ਲਿਫਟਿੰਗ ਨੇ ਤਾਂ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ। ਉਪਰੋਂ ਝੋਨੇ ਦੀ ਕੁਆਲਿਟੀ ਵਧੀਆ, ਝਾੜ ਜ਼ਿਆਦਾ, ਇਹ ਸਾਰਾ ਕੁਝ ਕੈਪਟਨ ਸਾਹਿਬ ਤੇ ਕਿਸਾਨਾਂ ਦੀ ਕਿਸਮਤ ਨਾਲ ਆਪਸ 'ਚ ਮੇਲ ਖਾਂਦਾ ਹੈ, ਜਿਸ ਤੋਂ ਸਾਫ ਹੈ ਕਿ ਸੂਬੇ ਦੇ ਕਿਸਾਨਾਂ, ਵਪਾਰੀਆਂ ਨੇ ਜੋ ਇਸ ਵਾਰ ਕਾਂਗਰਸ ਦੀ ਸਰਕਾਰ ਬਣਾ ਕੇ ਅਕਾਲੀ ਦਲ ਦੀਆਂ ਉਮੀਦਾਂ 'ਤੇ ਪੋਚਾ ਫੇਰਿਆ ਸੀ, ਉਹ ਫੈਸਲਾ ਬਿਲਕੁਲ ਠੀਕ ਤੇ ਦਰੁਸਤ ਸੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕੈਪਟਨ ਸਾਹਿਬ ਜੋ ਕਹਿੰਦੇ ਹਨ ਉਸ ਨੂੰ ਹਰ ਹਾਲਤ 'ਚ ਪੂਰਾ ਕਰਦੇ ਹਨ ਤੇ ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਕੇ ਅਮਲੀ ਜਾਮਾ ਪਹਿਨਾਇਆ ਹੈ, ਜਿਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। 
 


Related News