ਕੈਪਟਨ ਸਾਹਿਬ ਫਾਰਮਹਾਊਸਾਂ ’ਚ ਬੈਠ ਕੇ ਸਰਕਾਰਾਂ ਨਹੀਂ ਚਲਦੀਆਂ : ਭਗਵੰਤ ਮਾਨ

Thursday, Jul 02, 2020 - 11:41 PM (IST)

ਕੈਪਟਨ ਸਾਹਿਬ ਫਾਰਮਹਾਊਸਾਂ ’ਚ ਬੈਠ ਕੇ ਸਰਕਾਰਾਂ ਨਹੀਂ ਚਲਦੀਆਂ : ਭਗਵੰਤ ਮਾਨ

ਬੁਢਲਾਡਾ, (ਬਾਂਸਲ)- ਪੰਜਾਬ ਅੰਦਰ ਫਾਰਮਹਾਊਸਾਂ ’ਚ ਬੈਠ ਕੇ ਸਰਕਾਰਾਂ ਨਹੀਂ ਚੱਲਦੀਆਂ, ਸਗੋਂ ਲੋਕਾਂ ਦੀ ਕਚਿਹਰੀ ’ਚ ਲੋਕਾਂ ਦੇ ਦੁੱਖ-ਸੁੱਖ ਅਤੇ ਸਮੱਸਿਆਵਾਂ ਦੇ ਹੱਲ ਕਰਨ ਨਾਲ ਹੀ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਪਰ ਇਸ ਸਰਕਾਰ ਨੇ ਕਰਫਿਊ ਅਤੇ ਲਾਕਡਾਊਨ ਦੌਰਾਨ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਟੈਕਸ, ਬਿਜਲੀ ਦੇ ਬਿੱਲ, ਰੋਡ ਟੈਕਸ ਵਸੂਲਣ ਦੇ ਫੁਰਮਾਨ ਜਾਰੀ ਕਰ ਦਿੱਤੇ ਜੋ ਮੁਆਫ ਹੋਣੇ ਚਾਹੀਦੇ ਹਨ। ਇਹ ਸ਼ਬਦ ਅੱਜ ਪਿੰਡ ਚੱਕ ਭਾਈਕੇ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਮੀਡੀਆ ਕੋਆਰਡੀਨੇਟਰ ਮਨਜੀਤ ਸਿੰਘ ਸਿੱਧੂ ਦੇ ਪਿਤਾ ਨਮਿੱਤ ਸ਼ਰਧਾਂਜਲੀ ਸਮਾਗਮ ’ਚ ਪਹੁੰਚੇ ਪਾਰਟੀ ਦੇ ਪੰਜਾਬ ਮੁਖੀ ਭਗਵੰਤ ਮਾਨ ਨੇ ਕਹੇ। ਉਨ੍ਹਾਂ ਕਿਹਾ ਕਿ ਚੀਨ ਖਿਲਾਫ ਕੂੜ ਪ੍ਰਚਾਰ ਕਰਨ ਵਾਲੀ ਮੋਦੀ ਸਰਕਾਰ ਨੇ ਇੱਕ ਪਾਸੇ ਟਿੱਕ ਟੌਕ, ਵੀਵੋ, ਅੋਪੋ ਆਦਿ ਚਾਈਨੀਜ਼ ਕੰਪਨੀਆਂ ਤੋਂ ਪ੍ਰਧਾਨ ਮੰਤਰੀ ਕੇਅਰ ਫੰਡ ਲਈ ਚੰਦਾ ਲੈ ਰਹੀ ਹੈ ਦੂਸਰੇ ਪਾਸੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਆਮ ਆਦਮੀ ਪਾਰਟੀ ਵਲੋਂ ਸਪੀਕਰ ਨੂੰ ਮੰਗ-ਪੱਤਰ ਦੇ ਕੇ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਬਿਜਲੀ ਐਕਟ 2020 ਅਤੇ ਖੇਤੀਬਾੜੀ ਨੋਟੀਫਿਕੇਸ਼ਨ ’ਤੇ ਚਰਚਾ ਕਰਵਾ ਕੇ ਲੋਕਾਂ ਲਈ ਟੀ. ਵੀ. ਰਾਹੀਂ ਲਾਇਵ ਪ੍ਰਸ਼ਾਰਨ ਦੀ ਮੰਗ ਕੀਤੀ ਗਈ ਹੈ ਜਿਸ ਨਾਲ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦੇ ਹੱਕ ’ਚ ਖੜ੍ਹਦੀ ਹੈ।

ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ , ਵਿਧਾਇਕ ਕੁਲਵੰਤ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰੀ, ਕਰਤਾਰ ਸਿੰਘ ਸੰਧਵਾਂ, ਕੁਲਦੀਪ ਸਿੰਘ ਧਾਲੀਵਾਲ, ਜ਼ਿਲਾ ਪ੍ਰਧਾਨ ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਬਣਾਂਵਾਲੀ, ਸਤੀਸ਼ ਕੁਮਾਰ ਸਿੰਗਲਾ, ਰੁਪਿੰਦਰ ਰੂਬੀ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ, ਸਵੀਟੀ ਸ਼ਰਮਾ ਡੇਰਾਬੱਸੀ, ਕਰਮਜੀਤ ਸਿੰਘ ਅਨਮੋਲ ਆਦਿ ਹਾਜ਼ਰ ਸਨ।


author

Bharat Thapa

Content Editor

Related News