ਕੈਪਟਨ ਦਾ ਹੱਥ ਕਿਸਾਨਾਂ ਦੀ ਜ਼ਮੀਨ ਹੜੱਪਣ ਵਾਲੀ ਸ਼ਰਾਬ ਫੈਕਟਰੀ ਨਾਲ : ਚੁੱਘ

02/24/2021 1:49:50 AM

ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਕੌਮੀ ਪ੍ਰਧਾਨ ਅਤੇ ਮੰਤਰੀ ਤਰੁਣ ਚੁੱਘ ਨੇ ਇਕ ਬਿਆਨ ਜਾਰੀ ਕਰ ਕੇ ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ ਵਿਚ ਲਾਈ ਜਾ ਰਹੀ ਸ਼ਰਾਬ ਫੈਕਟਰੀ ਦੇ ਵਿਰੋਧ ਵਿਚ 29 ਪਿੰਡਾਂ ਦੇ ਕਿਸਾਨਾਂ ਨੇ ਅਬੋਹਰ-ਫਾਜ਼ਿਲਕਾ ਹਾਈਵੇਅ ’ਤੇ ਲੱਗੇ ਧਰਨੇ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਖੇਤੀਯੋਗ ਜ਼ਮੀਨ ਨੂੰ ਸ਼ਰਾਬ ਦੀ ਫੈਕਟਰੀ ਵਿਚ ਤਬਦੀਲ ਕਰਨ ਦਾ ਘਿਨੌਣਾ ਯਤਨ ਬੰਦ ਕਰੇ।
ਚੁੱਘ ਨੇ ਕਿਹਾ ਕਿ ਆਸਪਾਸ ਦੇ ਪਿੰਡਾਂ ਦੇ ਲੋਕ ਭਾਰੀ ਗਿਣਤੀ ਵਿਚ ਧਰਨਾ ਸਥਾਨ ’ਤੇ ਬੈਠ ਕੇ ਕੈਪਟਨ ਸਰਕਾਰ ਦੇ ਬੋਲ਼ੇ ਕੰਨਾਂ ਤਕ ਪੁਰਜ਼ੋਰ ਵਿਰੋਧ ਦਰਜ ਕਰਵਾ ਰਹੇ ਹਨ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਦੀ ਕਾਂਗਰਸ ਨੇ ਵਿਧਾਨਸਭਾ ਚੋਣਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਅਤੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਪਰ ਅੱਜ ਉਸ ਦੇ ਉਲਟ ਸ਼ਰਾਬ ਫੈਕਟਰੀ ਸਥਾਪਿਤ ਕਰ ਕੇ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਦੀ ਗੁਰੂ ਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਹਨ, ਨੂੰ ਲਾਭ ਪਹੁੰਚਾਉਣ ਲਈ ਉਪਰੋਕਤ ਸ਼ਰਾਬ ਫੈਕਟਰੀ ਬਣਾਉਣ ਵਿਚ ਕੈਪਟਨ ਮਦਦ ਕਰ ਰਹੇ ਹਨ। ਇਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਦੀ ਖੇਤੀਯੋਗ ਜ਼ਮੀਨ ’ਤੇ ਬਣਨ ਵਾਲੀ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਨਾਲ ਆਸਪਾਸ ਦੇ ਪਿੰਡਾਂ ਵਿਚ ਵਸੇ ਲੋਕਾਂ ਦੀ ਸਿਹਤ ’ਤੇ ਉਲਟ ਅਸਰ ਪਵੇਗਾ। ਸ਼ਰਾਬ ਫੈਕਟਰੀ ਨਾਲ ਜਿੱਥੇ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੋਵੇਗਾ, ਉਥੇ ਹੀ ਸਾਰਾ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਜਾਵੇਗਾ। ਇਸ ਨਾਲ ਜ਼ਮੀਨ ਦੇ ਬੰਜਰ ਹੋਣ ਦਾ ਡਰ ਵੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਕਿਸਾਨਾਂ ਦੀ ਜ਼ਮੀਨ ਹੜੱਪਣ ਵਾਲੀ ਸ਼ਰਾਬ ਫੈਕਟਰੀ ਨਾਲ ਹੈ। ਉਨ੍ਹਾਂ ਕਿਾ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਪੂਰਾ ਕਰਦੇ ਹੋਏ ਪਿੰਡ ਹੀਰਾਂਵਾਲੀ ਵਿਚ ਸ਼ਰਾਬ ਫੈਕਟਰੀ ਦੇ ਫੈਸਲੇ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ।   


Bharat Thapa

Content Editor

Related News