ਕੈਪਟਨ ਨੇ ਪੀ. ਐਮ. ਮੋਦੀ ਸਾਹਮਣੇ ਪੰਜਾਬ ਦੀਆਂ ਪੀ. ਪੀ. ਈ. ਕਿੱਟਾਂ ਨੂੰ ਲੈ ਕੇ ਰੱਖੀ ਇਹ ਮੰਗ

Thursday, Jun 18, 2020 - 11:54 PM (IST)

ਕੈਪਟਨ ਨੇ ਪੀ. ਐਮ. ਮੋਦੀ ਸਾਹਮਣੇ ਪੰਜਾਬ ਦੀਆਂ ਪੀ. ਪੀ. ਈ. ਕਿੱਟਾਂ ਨੂੰ ਲੈ ਕੇ ਰੱਖੀ ਇਹ ਮੰਗ

ਚੰਡੀਗੜ੍ਹ/ਜਲੰਧਰ, (ਅਸ਼ਵਨੀ, ਧਵਨ)- ਨਿੱਜੀ ਸੁਰੱਖਿਆ ਉਪਕਰਨ (ਪੀ. ਪੀ. ਈ.) ਬਣਾਉਣ ਲਈ ਪੰਜਾਬ ਦੇ 128 ਯੁਨਿਟਾਂ ਨੂੰ ਪ੍ਰਵਾਨਗੀ ਦੇਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਵਾਧੂ ਕਿੱਟਾਂ ਬਰਾਮਦ ਕਰਨ ਦੀ ਪ੍ਰਵਾਨਗੀ ਮੰਗੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਫੈਲਾਅ ਦੇ ਮੱਦੇਨਜ਼ਰ ਇਨ੍ਹਾਂ ਨਿਰਮਾਤਾਵਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਕਿ ਮਹਾਮਾਰੀ ਵਿਰੁੱਧ ਮੂਹਰਲੀਆਂ ਸਫਾਂ 'ਚ ਲੜਾਈ ਲੜਨ ਨਾਲੇ ਯੋਧਿਆਂ ਲਈ ਲੋੜੀਂਦੇ ਇਹ ਉਪਕਰਨ ਤਿਆਰ ਕਰਨ 'ਚ ਪੰਜਾਬ ਨੂੰ ਸਵੈ-ਨਿਰਭਰ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਉਨ੍ਹਾਂ ਕਿਹਾ ਕਿ ਪੂਰੇ ਸਰੀਰ ਨੂੰ ਕਵਰ ਕਰਨ ਵਾਲੀਆਂ ਪੀ. ਪੀ. ਈ. ਕਿੱਟਾਂ ਨੂੰ ਬਰਾਮਦ ਕਰਨ ਨਾਲ ਤੁਹਾਡੀ ਅਗਵਾਈ 'ਚ ਭਾਰਤ ਸਰਕਾਰ ਵਲੋਂ ਹਾਲ ਹੀ 'ਚ ਸ਼ੁਰੂ ਕੀਤੇ ਆਤਮ ਨਿਰਭਰ ਭਾਰਤ ਅਭਿਆਨ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਵਾਸਤੇ ਇਜਾਜ਼ਤ ਦੇਣ ਦੀ ਅਪੀਲ ਕੀਤੀ। ਐੱਸ.ਆਈ.ਟੀ.ਆਰ.ਏ./ਡੀ.ਆਰ.ਡੀ.ਓ. ਪਾਸੋਂ ਸਰਟੀਫਿਕੇਟ ਹਾਸਲ ਕਰਨ ਉਪਰੰਤ ਇਨ੍ਹਾਂ ਨਿਰਮਾਣ ਯੁਨਿਟਾਂ ਵਲੋਂ ਨਿਰਮਿਤ ਉਤਪਾਦਾਂ ਦੇ ਉਤਪਾਦਨ ਅਤੇ ਗੁਣਵੱਤਾ ਦੀ ਵਾਧੂ ਸਮਰੱਥਾ ਦਾ ਹਵਾਲਾ ਦਿੰਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਵੇਲੇ ਘਰੇਲੂ ਪੱਧਰ 'ਤੇ ਪੀ. ਪੀ. ਈ. ਕਿੱਟਾਂ ਦੀ ਬਹੁਤ ਮੰਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਰਮਾਤਾਵਾਂ ਨੂੰ ਐੱਚ. ਐੱਲ. ਐੱਲ. ਪਾਸੋਂ ਆਰਡਰ ਲੈਣ 'ਚ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ 128 ਮਨਜ਼ੂਰਸ਼ੁਦਾ ਨਿਰਮਾਤਾਵਾਂ 'ਚੋਂ 18 ਯੁਨਿਟਾਂ ਨੂੰ ਹੀ ਭਾਰਤ ਸਰਕਾਰ ਪਾਸੋਂ ਆਰਡਰ ਮਿਲੇ ਹਨ।
ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ 21 ਮਈ, 2020 ਨੂੰ ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਆਪੋ-ਆਪਣੇ ਸਿਹਤ ਵਿਭਾਗਾਂ ਨੂੰ ਐੱਚ. ਐੱਲ. ਐੱਲ. ਰੇਟਾਂ 'ਤੇ ਪੰਜਾਬ ਦੇ ਨਿਰਮਾਤਾਵਾਂ ਵਲੋਂ ਤਿਆਰ ਕੀਤੀਆਂ ਪੂਰੇ ਸਰੀਰ ਨੂੰ ਕਵਰ ਕਰਨ ਵਾਲੀਆਂ ਪੀ. ਪੀ. ਈ. ਕਿੱਟਾਂ ਦੇ ਆਰਡਰ ਦੇਣ ਦੀਆਂ ਹਦਾਇਤਾਂ ਜਾਰੀ ਕਰਨ ਲਈ ਆਖਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਮੰਤਰੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀਆਂ ਨੂੰ 25 ਮਈ, 2020 ਨੂੰ ਲਿਖੇ ਅਰਧ ਸਰਕਾਰੀ ਪੱਤਰ ਵਿਚ ਮੁਲਕ ਤੋਂ ਇਨ੍ਹਾਂ ਉਪਕਰਨਾਂ ਦੀ ਬਰਾਮਦ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ। ਦੱਸਣਯੋਗ ਹੈ ਕਿ 128 ਮਨਜ਼ੂਰਸ਼ੁਦਾ ਨਿਰਮਾਣ ਯੁਨਿਟਾਂ ਦੀ ਮੌਜੂਦਾ ਸਮੇਂ ਇਕ ਦਿਨ ਵਿਚ 5,21,050 ਪੀ. ਪੀ. ਈ. ਕਿੱਟਾਂ ਬਣਾਉਣ ਦਾ ਸਮਰਥਾ ਹੈ। ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਮੁਤਾਬਕ ਨਿਰਮਾਤਾਵਾਂ ਕੋਲ ਕੁੱਲ ਸਮਰਥਾ ਵਧਾਉਣ ਦੀ ਯੋਗਤਾ ਤੋਂ ਇਲਾਵਾ ਬਰਾਮਦ ਦੀ ਸਮਰਥਾ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬਰਾਮਦ ਦੀ ਇਜਾਜ਼ਤ ਦੇਣ ਨਾਲ ਨਾ ਸਿਰਫ ਸੂਬੇ ਦੇ ਉਦਯੋਗ ਦੀ ਪੁਨਰ ਸੁਰਜੀਤੀ ਵਿਚ ਸਹਾਇਤਾ ਮਿਲੇਗਾ ਸਗੋਂ ਕੋਵਿਡ ਮਹਾਂਮਾਰੀ ਵਿਰੁੱਧ ਆਲਮੀ ਜੰਗ ਨੂੰ ਵੀ ਸਮਰਥਨ ਮਿਲੇਗਾ।


author

Bharat Thapa

Content Editor

Related News