ਕੈਪਟਨ ਨੇ ਕੇਂਦਰ ਕੋਲ ਚੁੱਕਿਆ ਭਗੌੜੇ ਪ੍ਰਵਾਸੀਆਂ ਦੀ ਹਵਾਲਗੀ ਦਾ ਮੁੱਦਾ

Tuesday, Oct 31, 2017 - 01:52 AM (IST)

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ  ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਡਰੱਗ ਮਾਮਲਿਆਂ 'ਚ ਸ਼ਾਮਲ 10 ਲੋੜੀਂਦੇ ਪ੍ਰਵਾਸੀ ਪੰਜਾਬੀਆਂ ਨੂੰ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਉਹ ਕੈਨੇਡਾ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰੇ। ਕੈਨੇਡਾ 'ਚ ਇਨ੍ਹਾਂ ਲੋੜੀਂਦੇ ਲੋਕਾਂ ਨੇ ਸ਼ਰਨ ਲਈ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਵੱਖ-ਵੱਖ ਪੱਤਰਾਂ 'ਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ 'ਚ ਪਿਛਲੇ 3-4 ਸਾਲਾਂ ਤੋਂ ਪੁਸ਼ਟੀ ਦੀ ਪ੍ਰਕਿਰਿਆ ਠੱਪ ਪਈ ਹੋਈ ਹੈ, ਜਿਸ ਕਾਰਨ ਡਰੱਗ ਮਾਮਲਿਆਂ 'ਚ ਸੂਬਾ ਸਰਕਾਰ ਇਨਸਾਫ ਦੇਣ 'ਚ ਸਫਲ ਨਹੀਂ ਹੋ ਰਹੀ ਹੈ। ਪੰਜਾਬ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ  ਵਾਲੀ ਸਰਕਾਰ ਨੇ ਨਸ਼ਿਆਂ ਖਿਲਾਫ ਜੰਗੀ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ ਪਰ ਉਸ 'ਚ ਵੱਖ-ਵੱਖ ਪੱਧਰਾਂ  'ਤੇ ਰੁਕਾਵਟਾਂ ਪੈਦਾ ਹੋ ਰਹੀਆਂ ਹਨ ਕਿਉਂਕਿ ਕੈਨੇਡਾ 'ਚ ਸ਼ਰਨ ਲਈ ਬੈਠੇ 10 ਲੋੜੀਂਦੇ ਪ੍ਰਵਾਸੀਆਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਪ੍ਰਵਾਸੀਆਂ ਦੀ ਪੁਸ਼ਟੀ ਦੀ ਪ੍ਰਕਿਰਿਆ ਦੇ ਮਾਮਲਿਆਂ ਨੂੰ ਠੋਸ ਆਧਾਰ 'ਤੇ ਭਾਰਤ ਸਰਕਾਰ ਦੇ  ਸਾਹਮਣੇ ਚੁੱਕਣ ਦਾ ਫੈਸਲਾ ਲਿਆ ਹੈ ਕਿਉਂਕਿ ਇਨ੍ਹਾਂ ਲੋੜੀਂਦੇ ਪ੍ਰਵਾਸੀਆਂ ਦੀ ਪੁੱਛਗਿੱਛ ਦੇ ਆਧਾਰ 'ਤੇ ਹੀ ਪੰਜਾਬ ਡਰੱਗ ਨੈੱਟਵਰਕ ਦੀ ਚੇਨ ਨੂੰ ਤੋੜਿਆ ਜਾ ਸਕੇਗਾ।
ਮੁੱਖ ਮੰਤਰੀ ਨੇ ਦੱਸਿਆ ਨੇ ਸਰਬਜੀਤ ਸਿੰਘ ਸੰਧਰ ਉਰਫ ਨਿੱਕ ਪੁੱਤਰ ਸਵ. ਅਜੈਬ ਸਿੰਘ ਵਾਸੀ ਪਿੰਡ ਬਲਿਓਨ ਪੁਲਸ ਥਾਣਾ ਸਮਰਾਲਾ ਇਸ ਸਮੇਂ ਵੈਨਕੂਵਰ 'ਚ ਸ਼ਰਨ ਲਈ ਬੈਠਾ ਹੈ। 
ਉਸ ਨੂੰ 19 ਅਕਤੂਬਰ 2013 ਨੂੰ ਪੀ.ਓ. ਐਲਾਨ ਕੀਤਾ ਗਿਆ ਸੀ। ਉਸ ਦੀ ਪੁਸ਼ਟੀ ਦਾ ਸੱਦਾ ਕੈਨੇਡਾ ਦੇ ਅਧਿਕਾਰੀਆਂ ਦੇ ਸਾਹਮਣੇ ਕੀਤਾ ਜਾ ਚੁੱਕਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਨਵੇਂ ਸਿਰੇ ਤੋਂ 20 ਜੁਲਾਈ 2017 ਨੂੰ ਸਰਬਜੀਤ ਸਿੰਘ ਦੀ ਪੁਸ਼ਟੀ ਕਰਨ ਦਾ ਕੈਨੇਡਾ ਸਰਕਾਰ ਦੇ ਸਾਹਮਣੇ ਸੱਦਾ ਦਿੱਤਾ ਸੀ। ਇਸ ਤਰ੍ਹਾਂ ਰਣਜੀਤ ਸਿੰਘ ਔਜਲਾ ਪੁੱਤਰ ਸਰਵਣ ਸਿੰਘ ਔਜਲਾ ਵਾਸੀ ਮੁਠੜਾ  ਕਲਾਂ ਪੁਲਸ ਥਾਣਾ ਫਿਲੌਰ ਨੂੰ ਪੁਸ਼ਟੀ ਦਾ ਸੱਦਾ 25 ਜੁਲਾਈ 2017 ਤੋਂ ਲੰਬੇ ਸਮੇਂ ਤੱਕ ਪਿਆ ਹੈ। ਉਸ ਨੂੰ 31 ਅਗਸਤ  2013 ਨੂੰ ਪੀ. ਓ. ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਨਿਰੰਕਾਰ ਸਿੰਘ ਢਿੱਲੋਂ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਅੱਪਰਾ ਮੰਡੀ ਪੁਲਸ ਥਾਣਾ ਫਿਲੌਰ ਨੂੰ 19 ਅਕਤੂਬਰ 2013 ਨੂੰ ਪੀ. ਓ. ਐਲਾਨ ਕੀਤਾ ਸੀ, ਹੁਣ ਉਹ ਬ੍ਰੈਂਪਟਨ ਕੈਨੇਡਾ ਦੇ ਨੇੜੇ ਰਹਿ ਰਿਹਾ ਹੈ। ਉਸ ਦੀ ਪੁਸ਼ਟੀ ਦਾ ਸੱਦਾ 19 ਸਤੰਬਰ 2017 ਤੋਂ ਲੰਬੇ ਸਮੇਂ ਤੱਕ ਹੈ। ਮੁੱਖ ਮੰਤਰੀ ਨੇ ਪੁਲਸ ਨੂੰ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਰਸੇਵਕ ਸਿੰਘ ਢਿੱਲੋਂ, ਪੁੱਤਰ ਕੁਲਵੰਤ ਸਿੰਘ ਵਾਸੀ ਲੀਲਾ ਮੇਘ ਸਿੰਘ ਪੁਲਸ ਥਾਣਾ ਜਗਰਾਓਂ ਇਸ ਸਮੇਂ ਕੈਨੇਡਾ ਦੇ ਸ਼ਹਿਰ ਸਰੀ 'ਚ ਰਹਿ ਰਿਹਾ ਹੈ ਅਤੇ ਉਸ ਨੂੰ 1 ਅਪ੍ਰੈਲ 2014 ਨੂੰ ਪੀ. ਓ. ਐਲਾਨ ਦਿੱਤਾ ਸੀ। ਅਮਰਜੀਤ ਸਿੰਘ ਕੂਨਰ ਪੁੱਤਰ ਸਵਰੂਪ ਸਿੰਘ ਵਾਸੀ ਪਿੰਡ ਮਹਿਮਦਪੁਰ ਪੁਲਸ ਥਾਣਾ ਆਦਮਪੁਰ ਜਲੰਧਰ ਇਸ ਸਮੇਂ ਵੈਨਕੂਵਰ 'ਚ ਰਹਿ ਰਿਹਾ ਹੈ, ਜਦਕਿ ਲੈਂਬਰ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਮਹਿਸਮਪੁਰ ਥਾਣਾ ਫਿਲੌਰ, ਜਲੰਧਰ ਵੀ ਬ੍ਰਿਟਿਸ਼ ਕੋਲੰਬੀਆ 'ਚ ਰਹਿ ਰਿਹਾ ਹੈ, ਜਿਸ ਦੀ ਪੁਸ਼ਟੀ ਦੀ ਪ੍ਰਕਿਰਿਆ ਲੰਬੇ ਸਮੇਂ ਤੱਕ ਪਈ ਹੋਈ ਹੈ। ਪ੍ਰਦੀਪ ਸਿੰਘ ਧਾਲੀਵਾਲ ਪੁੱਤਰ ਬੱਗਾ ਸਿੰਘ ਵਾਸੀ ਲੀਲਾਮੇਘ ਸਿੰਘ ਥਾਣਾ ਜਗਰਾਓਂ, ਅਮਰਿੰਦਰ ਸਿੰਘ ਛੀਨਾ ਉਰਫ ਲਾਡੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਝੰਝੋਤੀ ਥਾਣਾ ਰਾਜਾਸਾਂਸੀ ਅੰਮ੍ਰਿਤਸਰ ਅਤੇ ਪਰਮਿੰਦਰ ਸਿੰਘ ਉਰਫ ਭਿੰਦੀ ਪਿੰਡ ਖਰੋਡੀ ਥਾਣਾ ਮਾਹਿਲਪੁਰ ਹੁਸ਼ਿਆਰਪੁਰ ਦੇ ਮਾਮਲੇ ਵੀ ਲਟਕੇ ਹੋਏ ਹਨ।


Related News