ਕੈਪਟਨ 'ਤੇ ਉਨ੍ਹਾਂ ਦੇ ਆਪਣੇ ਹੀ ਮੰਤਰੀਆਂ ਨੂੰ ਨਹੀਂ ਰਿਹਾ ਭਰੋਸਾ - ਸੁਖਪਾਲ ਖਹਿਰਾ

Thursday, Sep 28, 2017 - 03:16 PM (IST)

ਕੈਪਟਨ 'ਤੇ ਉਨ੍ਹਾਂ ਦੇ ਆਪਣੇ ਹੀ ਮੰਤਰੀਆਂ ਨੂੰ ਨਹੀਂ ਰਿਹਾ ਭਰੋਸਾ - ਸੁਖਪਾਲ ਖਹਿਰਾ

ਗੁਰਦਾਸਪੁਰ (ਦੀਪਕ) - ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਫਤਿਹਗੜ ਚੂੜੀਆਂ ਦੇ ਪਿੰਡ ਸ਼ਾਮਪੁਰਾ ਵਿਖੇ ਜਨਤਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਆਦਾਤਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਵਿਸ਼ਵਾਸ ਨਹੀਂ ਰਿਹਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਨਵਜੋਤ ਸਿੱਧੂ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ, ਜਿਸ 'ਚ ਉਨ੍ਹਾਂ ਨੇ ਪੁਲਸ ਵਿਭਾਗ ਉਸ ਦੇ ਹਵਾਲੇ ਜਾਂ ਹੋਰਨਾਂ ਸ਼ਬਦਾਂ 'ਚ ਉਸ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਅਜਿਹਾ ਬੋਲਦੇ ਹੋਏ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਜਾਵੇ ਤਾਂ ਉਹ ਇਕ ਵੀ ਡਰੱਗ ਡੀਲਰ ਜਾਂ ਮਾਫੀਆ ਨੂੰ ਛੱਡਣਗੇ ਨਹੀਂ ਅਤੇ ਜੇਕਰ ਉਹ ਅਜਿਹਾ ਕਰਨ 'ਚ ਅਸਫਲ ਰਹਿੰਦੇ ਹਨ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ।
ਖਹਿਰਾ ਨੇ ਕਿਹਾ ਕਿ ਮੰਤਰੀ ਨਵਜੋਤ ਸਿੱਧੂ ਦਾ ਇਹ ਸਨਸਨੀਖੇਜ਼ ਬਿਆਨ ਹੋਰ ਕੁਝ ਨਹੀਂ ਬਲਕਿ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਯੋਗਤਾਵਾਂ ਉੱਪਰ ਕੀਤਾ ਸਿੱਧਾ ਹਮਲਾ ਹੈ। ਖਹਿਰਾ ਨੇ ਕਿਹਾ ਕਿ ਇਸ ਨਾਲ ਇਹ ਵੀ ਪਤਾ ਚਲਦਾ ਹੈ ਕਿ ਨਵਜੋਤ ਸਿੱਧੂ ਦੀ ਇਹ ਪੁਖਤਾ ਸੋਚ ਹੈ ਕਿ ਪੰਜਾਬ 'ਚੋਂ ਅਜੇ ਤੱਕ ਨਸ਼ੇ ਦੇ ਕੋਹੜ ਨੂੰ ਨੱਥ ਨਹੀਂ ਪਾਈ ਗਈ ਹੈ ਅਤੇ ਜੇਕਰ ਉਨ੍ਹਾਂ ਨੂੰ ਪੁਲਸ ਦਾ ਕੰਟਰੋਲ ਦੇ ਦਿੱਤਾ ਜਾਂਦਾ ਹੈ ਤਾਂ ਸਿਰਫ ਉਹ ਹੀ ਸੂਬੇ 'ਚੋਂ ਡਰੱਗਸ ਦਾ ਖਾਤਮਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਇਕ ਆਗੂ ਵਜੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਯੋਗਤਾਵਾਂ ਉੱਪਰ ਸ਼ੱਕ ਹੈ ਜੋ ਕਿ ਆਪਣੇ ਚੋਣ ਮੈਨੀਫੈਸਟੋ ਵਾਅਦੇ ਅਨੁਸਾਰ ਡਰੱਗਸ ਨੂੰ ਕਾਬੂ ਕਰਨ 'ਚ ਅਸਫਲ ਰਹੇ ਹਨ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਉੱਪਰ ਉਨ੍ਹਾਂ ਦੀ ਹੀ ਪਾਰਟੀ ਦੇ ਆਗੂਆਂ ਨੇ ਸਵਾਲ ਖੜੇ ਕੀਤੇ ਹੋਣ । ਹਾਲ ਹੀ 'ਚ ਅਮਰਗੜ ਦੇ ਐੱਮ. ਐੱਲ. ਏ ਸੁਰਜੀਤ ਸਿੰਘ ਧੀਮਾਨ ਨੇ ਜਨਤਕ ਤੌਰ ਉੱਤੇ ਕਬੂਲਿਆ ਸੀ ਕਿ ਕਾਂਗਰਸ ਸਰਕਾਰ ਸੂਬੇ ਦੇ ਹਰੇਕ ਕੋਨੇ 'ਚ ਵੱਡੀ ਗਿਣਤੀ 'ਚ ਉਪਲੱਬਧ ਡਰੱਗਸ ਨੂੰ ਕਾਬੂ ਕਰਨ 'ਚ ਅਸਫਲ ਰਹੀ ਹੈ। ਇਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਦੀ ਅਗਵਾਈ 'ਚ 50 ਕਾਂਗਰਸੀ ਵਿਧਾਇਕਾਂ ਨੇ ਡਰੱਗ ਮਾਫੀਆ ਬਿਕਰਮ ਮਜੀਠੀਆ ਖਿਲਾਫ ਸਖਤ ਕਾਰਵਾਈ ਕਰਨ ਲਈ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਸਤਾਖਰ ਕਰਕੇ ਮੈਮੋਰੰਡਮ ਸੌਪਿਆ ਸੀ ਪਰ ਉਨ੍ਹਾਂ ਦੇ ਕੰਨ ਉਪਰ ਜੂੰ ਵੀ ਨਹੀਂ ਸਰਕੀ। ਇਹ ਵੀ ਤੱਥ ਹੈ ਕਿ ਫਿਰੋਜ਼ਪੁਰ ਦੇ ਐੱਮ. ਐੱਲ. ਏ ਪਰਮਿੰਦਰ ਸਿੰਘ ਪਿੰਕੀ ਨੇ ਜਨਤਕ ਤੌਰ ਉੱਤੇ ਆਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਫਸਰਾਂ ਅਤੇ ਬਾਬੂਆਂ ਵੱਲੋਂ ਚਲਾਈ ਜਾ ਰਹੀ ਹੈ। ਪਿੰਕੀ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੀਆਂ ਨਜ਼ਰਾਂ 'ਚ ਲੋਕਾਂ ਦੇ ਚੁਣੇ ਹੋਏ ਨੁਮਾਂਇੰਦਿਆਂ ਦੀ ਰਤਾ ਭਰ ਵੀ ਇਜ਼ਤ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੰਤਰੀ ਚਰਨਜੀਤ ਚੰਨੀ ਨੇ ਚੰਦ ਦਿਨ ਪਹਿਲਾਂ ਇਕ ਟੀ. ਵੀ. ਸ਼ੌਅ ਦੌਰਾਨ ਇਹ ਕਬੂਲਿਆ ਸੀ ਕਿ ਉਨ੍ਹਾਂ ਦੀ ਸਰਕਾਰ ਪੰਜਾਬ 'ਚ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ 'ਚ ਅਸਫਲ ਰਹੀ ਹੈ ਅਤੇ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਉਹ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਦੇਣਗੇ।
ਖਹਿਰਾ ਨੇ ਕਿਹਾ ਕਿ ਇਸ ਲਈ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਪਹੁੰਚ ਤੋਂ ਬਾਹਰ ਹਨ ਅਤੇ ਇਕ ਛੋਟੀ ਜੁੰਡਲੀ ਵਲੋਂ ਕੰਟਰੋਲ ਕੀਤਾ ਜਾ ਰਹੇ ਹਨ ਬਲਕਿ ਪੰਜਾਬ 'ਚ ਇਕ ਚੰਗੀ ਸਰਕਾਰ ਦੇਣ 'ਚ ਵੀ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਨਿਕੰਮੀ ਸਰਕਾਰ ਦੇ ਲਗਾਏ ਜਾ ਰਹੇ ਇਲਜਾਮ ਸੱਤਾਧਾਰੀ ਪਾਰਟੀ ਦੇ ਮੰਤਰੀਆਂ ਅਤੇ ਐੱਮ. ਐੱਲ. ਏ ਵਲੋਂ ਅਕਸਰ ਕੀਤੀ ਜਾ ਰਹੀ ਨਿੰਦਿਆ ਨਾਲ ਸਹੀ ਸਾਬਿਤ ਹੋਏ ਹਨ। ਇਸ ਦੇ ਨਾਲ ਹੀ ਖਹਿਰਾ ਨੇ ਮੰਤਰੀ ਨਵਜੋਤ ਸਿੱਧੂ ਨੂੰ ਵੀ ਸਵਾਲ ਕਰਦੇ ਕਿਹਾ ਕਿ ਜਾਂ ਤਾਂ ਉਹ ਆਪਣੇ ਕਹੇ ਉੱਪਰ ਪੁਖਤਾ ਕਾਰਵਾਈ ਕਰਨ ਜਾਂ ਫਿਰ ਅਜਿਹੀ ਬਿਆਨਬਾਜ਼ੀ ਬੰਦ ਕਰ ਦੇਣ ਕਿਉਂਕਿ ਉਹ ਹਾਲ ਹੀ 'ਚ ਆਪਣੇ ਕੇਬਲ ਮਾਫੀਆ ਵਾਲੇ ਇਲਜ਼ਾਮਾਂ ਸਬੰਧੀ ਕੋਈ ਵੀ ਢੁੱਕਵੀਂ ਕਾਰਵਾਈ ਕਰਨ 'ਚ ਫਲਾਪ ਰਹੇ ਹਨ। ਖਹਿਰਾ ਨੇ ਇਕੱਠ ਨੂੰ ਅਪੀਲ ਕੀਤੀ ਕਿ ਅਗਾਮੀ 11 ਅਕਤੂਬਰ ਨੂੰ ਹੋਣ ਵਾਲੀ ਚੋਣ 'ਚ ਆਮ ਅਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਕਿ ਪੰਜਾਬ ਨੂੰ ਦੋਨਾਂ ਭਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ 'ਚੋਂ ਬਚਾਇਆ ਜਾ ਸਕੇ।


Related News