ਕੈਪਟਨ ਮੇਨਕਾ ਗਾਂਧੀ ਨੂੰ ਮਿਲੇ, ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਫੰਡ ਮੰਗੇ

Wednesday, Feb 07, 2018 - 07:04 AM (IST)

ਕੈਪਟਨ ਮੇਨਕਾ ਗਾਂਧੀ ਨੂੰ ਮਿਲੇ, ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਫੰਡ ਮੰਗੇ

ਜਲੰਧਰ (ਧਵਨ) — ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨਾਲ ਅੱਜ ਦਿੱਲੀ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ, ਜਿਸ ਦੌਰਾਨ ਪੰਜਾਬ ਵਿਚ ਆਵਾਰਾ ਤੇ ਖਤਰਨਾਕ ਕੁੱਤਿਆਂ ਦੀ ਵਧਦੀ ਸਮੱਸਿਆ ਨਾਲ  ਨਜਿੱਠਣ ਦੇ ਵਿਸ਼ੇ 'ਤੇ ਚਰਚਾ ਹੋਈ ਤੇ ਨਾਲ ਹੀ ਸੂਬੇ ਵਿਚ ਕੁੱਤਿਆਂ ਦੀ ਆਪਸੀ ਲੜਾਈ ਨਾਲ ਪੈਦਾ ਸਮੱਸਿਆਵਾਂ 'ਤੇ ਵੀ ਚਰਚਾ ਹੋਈ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਵਿਸਥਾਰ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਮੇਨਕਾ ਗਾਂਧੀ ਨੇ ਇਨ੍ਹਾਂ ਰਿਪੋਰਟਾਂ 'ਤੇ ਚਿੰਤਾ ਪ੍ਰਗਟ ਕੀਤੀ ਕਿ ਸ਼ਹਿਰੀ ਹੱਦ ਤੋਂ ਕੁੱਤਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਨਾਲ ਕੁੱਤਿਆਂ ਦੀ ਆਪਸੀ ਲੜਾਈ ਦੀਆਂ ਘਟਨਾਵਾਂ ਵਧ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੰਜਾਬ ਦੀ ਧਰਤੀ 'ਤੇ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਨਹੀਂ ਕਰੇਗੀ। ਬੈਠਕ ਵਿਚ ਆਵਾਰਾ ਕੁੱਤਿਆਂ ਦੇ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ ਨੂੰ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਮੰਤਰਾਲਾ ਤੋਂ ਸਹਿਯੋਗ ਦੀ ਆਸ ਹੈ। ਮੇਨਕਾ ਗਾਂਧੀ ਨੇ ਸੁਝਾਅ ਦਿੱਤਾ ਕਿ ਸੂਬੇ ਵਿਚ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ 'ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਸ ਯੂਨਿਟਸ' ਦੀ ਸਥਾਪਨਾ ਹੋਣੀ ਚਾਹੀਦੀ ਹੈ। ਉਨ੍ਹਾਂ ਪਸ਼ੂ ਜਨਮ ਕੰਟਰੋਲ ਪ੍ਰੋਗਰਾਮ ਦੇ ਤਹਿਤ ਡਾਗ ਸਟਰਲਾਈਜ਼ੇਸ਼ਨ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਸੁਝਾਅ ਦਿੱਤਾ, ਜਿਸ ਨਾਲ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਰੋਕਿਆ ਜਾ ਸਕੇਗਾ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਦਾ ਧਿਆਨ ਮਹਿਲਾ ਤੇ ਬਾਲ ਵਿਕਾਸ ਦੇ ਤਹਿਤ ਪੰਜਾਬ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਵੱਲ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਨਿਰਭਯਾ ਫੰਡ ਤੋਂ ਪੰਜਾਬ ਨੂੰ ਜ਼ਿਆਦਾ ਰਾਸ਼ੀ ਵੰਡੀ ਜਾਣੀ ਚਾਹੀਦੀ ਹੈ, ਤਾਂ ਜੋ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੂੰ ਮੇਨਕਾ ਗਾਂਧੀ ਨੇ ਕਿਹਾ ਕਿ ਇਸ ਲਈ ਸਰਕਾਰ ਤੇ ਐੱਨ. ਜੀ. ਓਜ਼ ਨੂੰ ਮਿਲ ਕੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਇਸ ਸਬੰਧੀ ਤਜਵੀਜ਼ ਭੇਜਣ ਲਈ ਕਿਹਾ। ਮੇਨਕਾ ਗਾਂਧੀ ਨੇ ਮੁੱਖ ਮੰਤਰੀ ਨੂੰ ਸਾਰੇ ਜ਼ਿਲਿਆਂ ਵਿਚ 'ਵਨ ਸਟਾਪ ਸਖੀ' ਸੈਂਟਰਾਂ ਦੀ ਸਥਾਪਨਾ ਕਰਨ ਤੇ ਪੀੜਤਾਂ ਨੂੰ ਯੌਨ ਸ਼ੋਸ਼ਣ ਤੋਂ ਬਚਾਉਣ ਦਾ ਸੁਝਾਅ ਦਿੱਤਾ। ਇਨ੍ਹਾਂ ਸੈਂਟਰਾਂ ਨੂੰ ਸਰਕਾਰ ਸਹਾਇਤਾ ਦੇਵੇਗੀ, ਜਿਸ ਨਾਲ ਔਰਤਾਂ ਨਾਲ ਹੋਣ ਵਾਲੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗੀ।


Related News