ਕੈਪਟਨ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈੱਬਸਾਈਟ ਤੇ ਮੋਬਾਇਲ ਐਪ ਕੀਤੀ ਲਾਂਚ

09/05/2019 9:20:27 PM

ਜਲੰਧਰ/ਦਿੱਲੀ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਵੈੱਬਸਾਈਟ, ਮੋਬਾਇਲ ਐਪ ਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅੱਜ ਲਾਂਚ ਕੀਤਾ। ਜਿਨ੍ਹਾਂ ਦਾ ਉਦੇਸ਼ ਸ਼ਰਧਾਲੂਆਂ ਨੂੰ ਨਵੰਬਰ ਮਹੀਨੇ ਵਿਚ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦੇਣਾ ਤੇ ਉਨ੍ਹਾਂ ਦੀ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨਾ ਹੈ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਡਵੀਜ਼ਨਲ ਪਲੇਟਫਾਰਮ ਨਾਲ ਦੁਨੀਆ ਭਰ ਵਿਚ ਵਸੇ ਪੰਜਾਬੀਆਂ ਨਾਲ ਸੰਪਰਕ ਕਰਨ ਵਿਚ ਮਦਦ ਮਿਲੇਗੀ ਤੇ ਨਾਲ ਹੀ ਪਹਿਲੇ ਸਿੱਖ ਗੁਰੂ ਦੀ ਵਿਚਾਰਧਾਰਾ ਨੂੰ ਲੈ ਕੇ ਜਾਗਰੂਕਤਾ ਪੈਦਾ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਉਦੇਸ਼ ਸਮਾਜ ਵਿਚ ਸਹਿਣਸ਼ੀਲਤਾ, ਸ਼ਾਂਤੀ, ਭਾਈਚਾਰਾ, ਔਰਤਾਂ ਨੂੰ ਤਾਕਤ ਦੇਣਾ ਅਤੇ ਕੁਦਰਤੀ ਵਸੀਲਿਆਂ ਦੀ ਸਰਪ੍ਰਸਤੀ ਕਰਨਾ ਸ਼ਾਮਲ ਹੈ।

ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਖੇਡ ਮੰਤਰੀ ਵੀ ਸਨ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਫੇਸਬੁੱਕ ਪੇਜ, ਟਵਿਟਰ, ਇੰਸਟਾਗ੍ਰਾਮ ਅਕਾਊਂਟ ਤੇ ਯੂ-ਟਿਊਬ ਚੈਨਲ ਨੂੰ ਰਸਮੀ ਤੌਰ 'ਤੇ ਲਾਂਚ ਕੀਤਾ। ਐਡੀਸ਼ਨਲ ਮੁਖ ਸਕੱਤਰ ਗਵਰਨੈਂਸ ਰਿਫਾਰਮਸ ਵਿੰਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਡਿਜੀਟਲ ਮੀਡੀਆ ਪਲੇਟਫਾਰਮ ਨੂੰ ਸਭਿਆਚਾਰਕ ਮਾਮਲਿਆਂ, ਸੂਚਨਾ ਤੇ ਜਨਸੰਪਰਕ ਅਤੇ ਗਵਰਨੈਂਸ ਰਿਫਾਰਮਸ ਵਿਭਾਗ ਵਲੋਂ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਜਿਸ ਵਿਚ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਰਾਖੀ ਭੰਡਾਰੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


Related News