ਕੈਪਟਨ ਸਿੱਧੂ ਵਿਰੁੱਧ ਤੁਰੰਤ ਕਾਰਵਾਈ ਕਰਨ : ਟੀਨੂੰ

Monday, Jun 18, 2018 - 04:14 AM (IST)

ਕੈਪਟਨ ਸਿੱਧੂ ਵਿਰੁੱਧ ਤੁਰੰਤ ਕਾਰਵਾਈ ਕਰਨ : ਟੀਨੂੰ

ਜਲੰਧਰ  (ਬਿਊਰੋ) - ਜਦੋਂ ਪੰਜਾਬ ਸਰਕਾਰ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਛੇਤੀ ਹੀ ਪਾਲਿਸੀ ਲਿਆ ਰਹੀ ਹੈ ਤਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਸ਼ਹਿਰ 'ਚ ਇਨ੍ਹਾਂ ਕਾਲੋਨੀਆਂ 'ਚ ਬਿਲਡਿੰਗਾਂ ਖਿਲਾਫ ਕਾਰਵਾਈ ਕਿਉਂ ਕੀਤੀ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਆਦਮਪੁਰ ਹਲਕੇ ਦੇ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਸ਼੍ਰੀ ਟੀਨੂੰ ਨੇ ਕਿਹਾ ਕਿ ਸਿੱਧੂ ਵਲੋਂ ਕੀਤੀ ਗਈ ਕਾਰਵਾਈ ਦਾ ਸਥਾਨਕ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਡਟ ਕੇ ਵਿਰੋਧ ਕੀਤਾ ਤੇ ਹੁਣ ਮੁੱਖ ਮੰਤਰੀ ਦੱਸਣ ਕਿ ਉਨ੍ਹਾਂ ਦਾ ਮੰਤਰੀ ਠੀਕ ਹੈ ਜਾਂ ਇਹ ਵਿਧਾਇਕ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੇ ਵਿਰੋਧ ਨਾਲ ਕਾਂਗਰਸ ਅੰਦਰਲੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਕਾਂਗਰਸ ਅੰਦਰ ਵੱਡੇ ਪੱਧਰ 'ਤੇ ਅੰਦਰੂਨੀ ਕਾਟੋ-ਕਲੇਸ਼ ਚੱਲ ਰਿਹਾ ਹੈ।
ਅਕਾਲੀ ਨੇਤਾ ਨੇ ਕਿਹਾ ਕਿ ਸਿੱਧੂ ਨੇ ਇਨ੍ਹਾਂ ਕਾਲੋਨੀਆਂ ਵਿਰੁੱਧ ਕਾਰਵਾਈ ਲਈ ਜਲੰਧਰ ਨੂੰ ਹੀ ਕਿਉਂ ਚੁਣਿਆ, ਜਦਕਿ ਸਿੱਧੂ ਦੇ ਆਪਣੇ ਸ਼ਹਿਰ ਅੰਮ੍ਰਿਤਸਰ 'ਚ ਉਸ 'ਤੇ ਨਾਜਾਇਜ਼ ਫਲੈਟ ਉਸਾਰਨ ਨੂੰ ਲੈ ਕੇ ਦੋਸ਼ ਵੀ ਲੱਗੇ ਹਨ ਪਰ ਉਥੇ ਕਾਰਵਾਈ ਕਿਉਂ ਨਹੀਂ ਕੀਤੀ। ਸਿੱਧੂ ਨੇ ਜਲੰਧਰ 'ਚ ਕਾਰਵਾਈ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸ ਦਿਨ ਸ਼ਾਹਕੋਟ ਹਲਕੇ 'ਚ ਸਨ, ਨੂੰ ਵੀ ਭਰੋਸੇ 'ਚ ਨਹੀਂ ਲਿਆ ਅਤੇ ਸਸਤੀ ਤੇ ਹਲਕੀ ਸ਼ੋਹਰਤ ਹਾਸਲ ਕਰਨ ਲਈ ਅਜਿਹੀ ਕਾਰਵਾਈ ਕਰਨ ਲਈ ਇਥੇ ਆ ਧਮਕੇ।
ਸ਼੍ਰੀ ਟੀਨੂੰ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੋਂ ਪੁੱਛਿਆ ਕਿ ਉਹ ਉਨ੍ਹਾਂ ਅਫਸਰਾਂ ਦੇ ਨਾਂ ਜਨਤਾ ਦੀ ਕਚਹਿਰੀ 'ਚ ਸਪੱਸ਼ਟ ਕਰਨ ਜਿਨ੍ਹਾਂ ਨੇ ਉਸ ਮੁਤਾਬਕ ਇਨ੍ਹਾਂ ਕਾਲੋਨੀਆਂ ਨੂੰ ਉਸਾਰਨ ਲਈ 50 ਕਰੋੜ ਰੁਪਏ ਦੀ ਰਿਸ਼ਵਤ ਖਾਧੀ ਹੈ। ਸਿੱਧੂ ਨਾਲੇ ਇਹ ਵੀ ਦੱਸਣ ਕਿ ਇਸ 50 ਕਰੋੜ ਰੁਪਏ 'ਚੋਂ ਉਪਰ ਕਿੰਨਾ ਹਿੱਸਾ ਗਿਆ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸਿੱਧੂ ਆਪਣੇ ਨਾਲ ਵਿਧਾਇਕਾਂ ਨੂੰ ਜੋੜਨ ਤੇ ਵਾਹ-ਵਾਹ ਖੱਟਣ ਲਈ ਅਜਿਹੀ ਕਾਰਵਾਈ ਕਰ ਰਹੇ ਹਨ।
ਸ਼੍ਰੀ ਟੀਨੂੰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਵਾ ਸਾਲ 'ਚ ਸ਼ਹਿਰ 'ਚ ਵਿਕਾਸ ਕੰਮਾਂ 'ਤੇ ਇਕ ਇੱਟ ਤਕ ਨਹੀਂ ਲਾਈ ਪਰ ਜਿਹੜੀਆਂ ਇੱਟਾਂ ਪਹਿਲਾਂ ਲੱਗੀਆਂ ਸਨ ਉਨ੍ਹਾਂ ਨੂੰ ਉਖੇੜਨ ਦੀ ਕਾਰਵਾਈ ਸਿੱਧੂ ਨੇ ਕਰ ਕੇ ਲੋਕਾਂ ਦੇ ਜ਼ਖ਼ਮਾਂ 'ਤੇ ਲੂਣ ਹੀ ਛਿੜਕਿਆ ਹੈ। ਰੀਅਲ ਅਸਟੇਟ ਦੇ ਕਾਰੋਬਾਰ ਦਾ ਤਾਂ ਪਹਿਲਾਂ ਹੀ ਭੱਠਾ ਬੈਠਾ ਪਿਆ ਹੈ, ਉਲਟਾ ਸਿੱਧੂ ਦੀ ਇਸ ਕਾਰਵਾਈ ਨੇ ਹੋਰ ਬੇੜਾ ਗਰਕ ਕਰ ਦਿੱਤਾ ਹੈ ਤੇ ਇਸ ਧੰਦੇ ਨਾਲ ਜੁੜੇ ਸਭ ਲੋਕਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ।ਇਸ ਮੌਕੇ 'ਤੇ ਆਕਲੀ ਦਲ ਦੇ ਜਲੰਧਰ ਸ਼ਹਿਰੀ ਜਥੇਦਾਰ ਕੁਲਵੰਤ ਸਿੰਘ ਮੰਨਣ, ਜੁਆਇੰਟ ਸਕੱਤਰ ਰਣਜੀਤ ਸਿੰਘ ਰਾਣਾ, ਅਕਾਲੀ ਆਗੂ ਐੱਚ. ਐੱਸ. ਵਾਲੀਆ ਤੇ ਮਨਿੰਦਰ ਪਾਲ ਗੁੰਬਰ ਮੌਜੂਦ ਸਨ।


Related News