ਕੈਪਟਨ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਆਪਣੇ ਮੰਤਰੀਆਂ ਦਾ ਭਰੋਸਾ ਵੀ ਗੁਆ ਚੁੱਕੇ, ਤੁਰੰਤ ਦੇਣ ਅਸਤੀਫਾ : ਮਾਨ

Thursday, Jun 03, 2021 - 11:46 PM (IST)

ਕੈਪਟਨ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਆਪਣੇ ਮੰਤਰੀਆਂ ਦਾ ਭਰੋਸਾ ਵੀ ਗੁਆ ਚੁੱਕੇ, ਤੁਰੰਤ ਦੇਣ ਅਸਤੀਫਾ : ਮਾਨ

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਆਪਣੇ ਮੰਤਰੀਆਂ ਦਾ ਭਰੋਸਾ ਵੀ ਗੁਆ ਚੁੱਕੇ ਹਨ। ਇਸ ਲਈ ਕੈਪਟਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਰਹਿਣਾ ਸੋਭਦਾ ਨਹੀਂ ਅਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕੈਪਟਨ ਦੇ ਚਹੇਤੇ ਰਹੇ ਮੰਤਰੀਆਂ ਦਾ ਵੀ ਪੰਜਾਬ ਕੈਬਨਿਟ ਦੀ ਮੀਟਿੰਗ ਵਿਚੋਂ ਗੈਰ-ਹਾਜ਼ਰ ਰਹਿਣਾ ਸਿੱਧ ਕਰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਸਭ ਕੁਝ ਅੱਛਾ ਨਹੀਂ ਹੈ।

ਇਹ ਵੀ ਪੜ੍ਹੋ- ਦਿੱਲੀ ਪੁੱਜਦੇ ਹੀ ਕੈਪਟਨ ਨੇ ਬਣਾਈ ਨਵੀਂ ਰਣਨੀਤੀ, ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਨਾਲ ਕੀਤੀ ਮੁਲਾਕਾਤ (ਵੀਡੀਓ)
ਪੱਤਰਕਾਰ ਮਿਲਣੀ ਦੌਰਾਨ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਸੀ ਅਤੇ ਇਸ ਮੀਟਿੰਗ ਵਿਚ ਮੁੱਖ ਮੰਤਰੀ ਦੀ ਤਰਫੋਂ ਵੱਖ-ਵੱਖ ਮੁੱਦਿਆਂ ਨਾਲ ਸਬੰਧਤ 32 ਮਤੇ ਰੱਖੇ ਗਏ ਸਨ ਪਰ ਮੀਟਿੰਗ ਦੌਰਾਨ ਸਰਕਾਰ ਦੇ ਮੰਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਹਿਮਤੀ ਨਹੀਂ ਪ੍ਰਗਟਾਈ ਅਤੇ ਕੇਵਲ 2 ਮਤੇ ਹੀ ਪਾਸ ਹੋਏ। ਮਾਨ ਨੇ ਕਿਹਾ ਕਿ ਕੈਬਨਿਟ ਮੀਟਿੰਗ ਦੌਰਾਨ 30 ਬਿੱਲ ਪਾਸ ਨਾ ਹੋਣਾ ਸਿੱਧ ਕਰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਦਾ ਸਮਰਥਨ ਵੀ ਗੁਆ ਚੁੱਕੇ ਹਨ, ਜਦੋਂਕਿ ਪੰਜਾਬ ਦੇ ਲੋਕਾਂ ਦਾ ਭਰੋਸਾ ਤਾਂ ਪਹਿਲਾਂ ਹੀ ਗੁਆ ਚੁੱਕੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਵੱਡੇ ਬਹੁਮਤ ਵਾਲੀ ਸਰਕਾਰ ਦੇ ਆਪਣੇ ਹੀ ਮੰਤਰੀ, ਮੁੱਖ ਮੰਤਰੀ ਵਲੋਂ ਬੁਲਾਈ ਗਈ ਕੈਬਨਿਟ ਮੀਟਿੰਗ ਵਿਚੋਂ ਗੈਰ-ਹਾਜ਼ਰ ਰਹੇ ਹਨ, ਜਿਸ ਕਾਰਨ ਕੋਰਮ ਪੂਰਾ ਨਾ ਹੁੰਦੇ ਵੇਖ ਕੇ ਸਰਕਾਰ ਨੂੰ ਆਪਣੇ ਏਜੰਡੇ ਵਾਪਸ ਲੈਣੇ ਪਏ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਐਲਾਨ, ਇਸ ਮਹੀਨੇ ਤੋਂ ਧੀਆਂ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਸ਼ਗਨ
ਸੁਖਪਾਲ ਖਹਿਰਾ ਲੋਕ ਹਿਤੈਸ਼ੀ ਹੋਣ ਦਾ ਕਰਦੇ ਹਨ ਡਰਾਮਾ

ਸੁਖਪਾਲ ਖਹਿਰਾ ਅਤੇ ਹੋਰ ਵਿਧਾਇਕਾਂ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦੇ ਸਵਾਲ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ‘ਆਪ’ ਨੇਤਾਵਾਂ ਨੇ ਕਿਹਾ ਕਿ ਖਹਿਰਾ ਤਕਰੀਬਨ ਦੋ ਸਾਲ ਪਹਿਲਾਂ ਹੀ ਪਾਰਟੀ ਤੋਂ ਵੱਖ ਹੋ ਚੁੱਕੇ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਦਾ ਗਠਨ ਵੀ ਕੀਤਾ ਸੀ ਪਰ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਵਿਧਾਨਸਭਾ ਤੋਂ ਬਰਖਾਸਤਗੀ ਲਈ ਆਮ ਆਦਮੀ ਪਾਰਟੀ ਵਾਰ-ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਗੁਜਾਰਿਸ਼ ਕਰਦੀ ਰਹੀ ਹੈ ਪਰ ਉਨ੍ਹਾਂ ਨੇ ਸਰਕਾਰ ਦੇ ਇਸ਼ਾਰਿਆਂ ਅਤੇ ਸੁਖਪਾਲ ਖਹਿਰਾ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ। ਸੁਖਪਾਲ ਖਹਿਰਾ ਲੋਕ ਹਿਤੈਸ਼ੀ ਹੋਣ ਦਾ ਕੇਵਲ ਡਰਾਮਾ ਕਰਦੇ ਹਨ ਪਰ ਉਨ੍ਹਾਂ ਨੇ ਪੰਜਾਬ ਵਿਰੋਧੀ ਪਾਰਟੀ ਨਾਲ ਖੜ੍ਹੇ ਹੋ ਕੇ ਆਪਣੀ ਨੀਅਤ ਨੂੰ ਜਨਤਕ ਕੀਤਾ ਹੈ।


author

Bharat Thapa

Content Editor

Related News