ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ 'ਚ ਅਕਾਲੀ-ਭਾਜਪਾ ਆਗੂ ਗੰਦੀ ਰਾਜਨੀਤੀ ਤੋਂ ਬਾਜ਼ ਆਉਣ: ਕੈਪਟਨ ਹਰਮਿੰਦਰ ਸਿੰਘ
Tuesday, Jul 18, 2017 - 03:20 PM (IST)
ਜਲੰਧਰ(ਚੋਪੜਾ)—ਪੰਜਾਬ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਵਿਚ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੂੰ ਗੰਦੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਹੈ। ਇਹ ਸ਼ਬਦ ਜ਼ਿਲਾ ਕਾਂਗਰਸ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਨੇ ਸਥਾਨਕ ਕਾਂਗਰਸ ਭਵਨ ਵਿਚ ਆਯੋਜਿਤ ਬੈਠਕ ਦੌਰਾਨ ਕਹੇ। ਕੈਪਟਨ ਹਰਮਿੰਦਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਪੜਾਅ ਵਿਚ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਹੈ ਪਰ 10 ਸਾਲਾਂ ਤੱਕ ਦੇ ਆਪਣੇ ਰਾਜ ਵਿਚ ਹੋਈਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਦੀ ਅਕਾਲੀ-ਭਾਜਪਾ ਆਗੂਆਂ ਨੂੰ ਉਸ ਵੇਲੇ ਕਿਉਂ ਨਹੀਂ ਯਾਦ ਆਈ। ਕੈਪਟਨ ਹਰਮਿੰਦਰ ਨੇ ਦੱਸਿਆ ਕਿ ਗੱਠਜੋੜ ਆਗੂਆਂ ਨੂੰ ਕੈਪਟਨ ਸਰਕਾਰ ਦੇ 120 ਦਿਨਾਂ ਦੇ ਕਾਰਜਕਾਲ 'ਤੇ ਉਂਗਲੀ ਚੁੱਕਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵਲੋਂ ਸ਼ੁਰੂ ਕੀਤੀ ਗਈ ਗਾਰਡੀਐਂਸ ਆਫ ਗਵਰਨੈਂਸ ਸਕੀਮ ਨੂੰ ਲੈ ਕੇ ਐਕਸ ਸਰਵਿਸਮੈਨ ਬੇਹੱਦ ਉਤਸ਼ਾਹਿਤ ਹਨ।
ਉਨ੍ਹਾਂ ਦੱਸਿਆ ਕਿ ਕੋਈ ਵੀ ਕਾਂਗਰਸੀ ਵਰਕਰ ਤੇ ਆਮ ਲੋਕ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਕਾਂਗਰਸ ਭਵਨ ਵਿਚ ਰੋਜ਼ਾਨਾ 10 ਤੋਂ ਲੈ ਕੇ 12 ਵਜੇ ਤੱਕ ਉਨ੍ਹਾਂ ਨੂੰ ਮਿਲ ਸਕਦੇ ਹਨ। ਇਸ ਮੌਕੇ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਡਾ. ਰਾਮ ਲਾਲ ਜੱਸੀ, ਬਲਾਕ ਪ੍ਰਧਾਨ ਭੋਗਪੁਰ ਪਰਮਿੰਦਰ ਸਿੰਘ ਮੱਲ੍ਹੀ, ਸਿਟੀ ਪ੍ਰਧਾਨ ਭੋਗਪੁਰ ਮੋਹਨ ਲਾਲ, ਜਸਵਿੰਦਰ ਸਿੰਘ ਬਿੱਟੂ, ਗੁਰਦਿਆਲ ਸਿੰਘ ਬ੍ਰਹਮਪੁਰੀ, ਸੰਤੋਖ ਸਿੰਘ, ਪਲਵਿੰਦਰ ਭੁੱਲਰ, ਆਫਿਸ ਇੰਚਾਰਜ ਹਰਪਾਲ ਸਿੰਘ ਸੰਧੂ ਅਤੇ ਹੋਰ ਵੀ ਮੌਜੂਦ ਸਨ।
