ਕੈਪਟਨ ਸਰਕਾਰ ਦੇ ''ਘਰ-ਘਰ ਨੌਕਰੀ'' ਦੇਣ ਦੇ ਵਾਅਦਿਆਂ ਦੀ ਨਿਕਲੀ ਫੂਕ
Sunday, Sep 17, 2017 - 09:38 AM (IST)
ਮੋਹਾਲੀ (ਨਿਆਮੀਆਂ) - ਪੰਜਾਬ ਸਰਕਾਰ ਵਲੋਂ ਬੜੇ ਜ਼ੋਰ-ਸ਼ੋਰ ਨਾਲ ਚੋਣ ਮੁਹਿੰਮ 'ਚ ਕੀਤੇ ਵਾਅਦੇ ਘਰ-ਘਰ ਨੌਕਰੀ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਨਿਯੁਕਤ ਕੀਤੇ ਟੈਕਨੀਸ਼ੀਅਨ ਗਰੇਡ-1 (ਇੰਸਟਰੂਮੈਂਟੇਸ਼ਨ, ਮਕੈਨੀਕਲ) ਪਿਛਲੇ ਦੋ ਸਾਲਾਂ ਤੋਂ ਸੜਕਾਂ ਦੀ ਖਾਕ ਛਾਣ ਰਹੇ ਹਨ। ਨਿਯੁਕਤ ਕੀਤੇ ਕਰਮਚਾਰੀਆਂ ਵਲੋਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਮੰਗ ਪੱਤਰ ਦੇ ਕੇ ਕਰਮਚਾਰੀਆਂ ਨੂੰ ਨੌਕਰੀ 'ਤੇ ਹਾਜ਼ਰ ਕਰਵਾਉਣ ਲਈ ਗੁਹਾਰ ਲਾਈ ਜਾ ਚੁੱਕੀ ਹੈ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ 17 ਜੂਨ 2015 ਨੂੰ ਟੈਕਨੀਸ਼ੀਅਨ ਗਰੇਡ-1 ਦੀਆਂ ਕੁੱਲ 50 ਅਸਾਮੀਆਂ ਲਈ ਪ੍ਰਤੀ ਬੇਨਤੀ ਮੰਗੀ ਗਈ ਸੀ। ਪਾਵਰ ਕਾਰਪੋਰੇਸ਼ਨ ਵਲੋਂ 21 ਫਰਵਰੀ 2016 ਨੂੰ ਲਿਖਤੀ ਟੈਸਟ ਲਿਆ ਗਿਆ, ਜਿਸ ਦਾ ਨਤੀਜਾ 23 ਮਈ 2016 ਨੂੰ ਐਲਾਨਿਆ ਗਿਆ ਸੀ। ਪਾਵਰ ਕਾਰਪੋਰੇਸ਼ਨ ਵਲੋਂ ਪਾਸ ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਤੇ ਮੈਰਿਟ ਵਿਚ ਸ਼ਾਮਲ ਉਮੀਦਵਾਰਾਂ ਦੇ ਦਸਤਾਵੇਜ਼ 14 ਜੂਨ 2016 ਨੂੰ ਚੈੱਕ ਕੀਤੇ ਗਏ। ਪਿਛਲੇ ਇਕ ਸਾਲ ਤੋਂ ਟੈਕਨੀਸ਼ੀਅਨ ਗਰੇਡ-1 ਆਪਣੀ ਨਿਯੁਕਤੀ ਲਈ ਸੜਕਾਂ ਦੀ ਖਾਕ ਤੇ ਬਿਜਲੀ ਬੋਰਡ ਦਫ਼ਤਰਾਂ ਦੇ ਚੱਕਰ ਲਾ ਰਹੇ ਹਨ।
ਅੱਜ ਇਥੇ ਅਮਰਜੀਤ ਸਿੰਘ, ਵਿਕਰਮ ਕੁਮਾਰ, ਵਿਕਾਸ ਕੁਮਾਰ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਮਿਥਲੇਸ਼ ਸ਼ਰਮਾ, ਪ੍ਰਭਜੋਤ ਸਿੰਘ, ਵਿਕਰਮਪ੍ਰੀਤ ਸਿੰਘ, ਸਚਿਨ, ਚਮਕੌਰ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਨਿਯੁਕਤੀ ਪੱਤਰ ਲੈਣ ਲਈ ਕਈ ਵਾਰ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਹਾਂ ਪਰ ਉਨ੍ਹਾਂ ਦਾ ਜਵਾਬ ਇਹ ਹੁੰਦਾ ਹੈ ਕਿ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਰ. ਟੀ. ਆਈ. ਰਾਹੀਂ ਸੂਚਨਾ ਪ੍ਰਾਪਤ ਕੀਤੀ ਤਾਂ ਉਸ ਵਿਚ ਵੀ ਇਹੋ ਜਵਾਬ ਦਿੱਤਾ ਗਿਆ ਕਿ ਮਾਮਲਾ ਅਜੇ ਵਿਚਾਰਿਆ ਜਾ ਰਿਹਾ ਹੈ।
ਉਮੀਦਵਾਰਾਂ ਦਾ ਕਹਿਣਾ ਹੈ ਕਿ ਇਸ ਨੋਟੀਫਿਕੇਸ਼ਨ ਰਾਹੀਂ ਵੱਖ-ਵੱਖ 14 ਕੈਟਾਗਰੀਆਂ ਦੀਆਂ ਤਕਰੀਬਨ 2300 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਟੈਕਨੀਸ਼ੀਅਨ ਗਰੇਡ-1 ਨੂੰ ਛੱਡ ਕੇ ਪਾਵਰ ਕਾਰਪੋਰੇਸ਼ਨ ਵਲੋਂ ਬਾਕੀ ਸਾਰੀਆਂ ਕੈਟਾਗਰੀਆਂ ਦੇ ਉਮੀਦਵਾਰ ਨਿਯੁਕਤੀ ਪੱਤਰ ਦੇ ਕੇ ਦਫ਼ਤਰ ਹਾਜ਼ਰ ਵੀ ਕਰਵਾ ਲਏ ਗਏ ਹਨ ਪਰ ਟੈਕਨੀਸ਼ੀਅਨ ਗਰੇਡ-1 ਦੇ 50 ਅਸਾਮੀਆਂ ਦੇ ਉਮੀਦਵਾਰ ਅੱਜ ਵੀ ਆਸ ਲਾਈ ਬੈਠੇ ਹਨ। ਉਮੀਦਵਾਰਾਂ ਦਾ ਕਹਿਣਾ ਹੈ ਕਿ ਇਸ ਕੈਟਾਗਰੀ ਵਿਚ ਕਈ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦੀ ਉਮਰ ਦੀ ਹੱਦ ਪਾਰ ਕਰਨ ਵਾਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦੋ ਵਾਰ ਮਿਲ ਚੁੱਕੇ ਹਾਂ ਪਰ ਉਨ੍ਹਾਂ ਵਲੋਂ ਵੀ ਭਰੋਸਾ ਹੀ ਦਿੱਤਾ ਗਿਆ ਹੈ।
ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਵੀ ਅੱਜ ਸਾਨੂੰ ਨੌਕਰੀ 'ਤੇ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਵੱਖ-ਵੱਖ ਕੈਟਾਗਰੀਆਂ ਦੀਆਂ 50 ਫ਼ੀਸਦੀ ਅਸਾਮੀਆਂ ਖਾਲੀ ਪਈਆਂ ਹਨ। ਬਿਜਲੀ ਮੁਲਾਜ਼ਮਾਂ ਦਾ ਸਾਂਝਾ ਫਰੰਟ ਨਵੀਂ ਭਰਤੀ ਕਰਵਾਉਣ ਲਈ ਧਰਨੇ, ਮੁਜ਼ਾਹਰੇ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈਕਨੀਸ਼ੀਅਨ ਗਰੇਡ-1 ਦੇ ਉਮੀਦਵਾਰਾਂ ਨੂੰ ਵੀ ਬਾਕੀ ਕੈਟਾਗਰੀਆਂ ਦੇ ਉਮੀਦਵਾਰਾਂ ਵਾਂਗ ਨਿਯੁਕਤੀ ਪੱਤਰ ਜਾਰੀ ਕਰਕੇ ਦਫ਼ਤਰ 'ਚ ਹਾਜ਼ਰ ਕਰਵਾਇਆ ਜਾਵੇ।