ਕੋਰੋਨਾ ਟੈਸਟਿੰਗ 'ਚ ਦੇਸ਼ 'ਚੋਂ 5ਵੇਂ ਤੋਂ 8ਵੇਂ ਨੰਬਰ 'ਤੇ ਆਈ ਕੈਪਟਨ ਸਰਕਾਰ : ਤਰੁਣ ਚੁਘ

07/25/2020 8:53:01 PM

ਜਲੰਧਰ : ਭਾਜਪਾ ਆਗੂ ਤਰੁਣ ਚੁਘ ਨੇ ਕੋਰੋਨਾ ਮਹਾਮਾਰੀ 'ਚ ਪੰਜਾਬ 'ਚ ਵੱਧ ਰਹੇ ਆਂਕੜਿਆਂ ਲਈ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ 'ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਕੋਰੋਨਾ ਟੈਸਟਿੰਗ 'ਚ ਦੇਸ਼ ਦੇ 5ਵੇਂ ਰੈਂਕ ਤੋਂ 8ਵੇਂ ਰੈਂਕ 'ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦੀ ਮਹਾਮਾਰੀ 'ਚ ਜਨਤਾ ਨਾਲ ਸਮਝੌਤਾ ਨਾ ਕਰੇ। ਉਥੇ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਮੁੱਖ ਮੰਤਰੀ ਰਿਲੀਫ ਫੰਡ 'ਚ 70 ਕਰੋੜ ਰੁਪਏ ਦਿੱਤੇ ਹਨ, ਜਿਸ 'ਚੋਂ ਅਜੇ ਤਕ 2 ਫੀਸਦੀ ਹੀ ਇਸਤੇਮਾਲ ਕੀਤਾ ਗਿਆ ਹੈ।

ਨੌਕਰੀਆਂ ਦੇ ਮਸਲੇ 'ਤੇ ਝੂਠ ਬੋਲ ਰਹੀ ਕੈਪਟਨ ਸਰਕਾਰ
ਭਾਜਪਾ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਨੌਕਰੀਆਂ ਦੇ ਮਸਲੇ 'ਤੇ ਝੂਠ ਬੋਲ ਰਹੀ ਹੈ। ਭਾਜਪਾ ਆਗੂ ਨੇ ਕਾਂਗਰਸ ਦਾ ਮੈਨੀਫੈਸਟੋ ਦਿਖਾਉਂਦਿਆਂ ਹੋਇਆ ਕੈਪਟਨ ਨੂੰ ਸਵਾਲ ਕੀਤਾ ਕਿ ਮੈਨੀਫੈਸਟੋ 'ਚ ਪੇਜ਼ ਨੰਬਰ 9 'ਤੇ ਕਾਲਮ ਨੰਬਰ 9 'ਚ ਅਤੇ ਪੇਜ਼ ਨੰਬਰ 24 'ਚ ਘਰ-ਘਰ ਰੋਜ਼ਗਾਰ ਦਾ ਵਾਅਦਾ ਕੀਤਾ ਗਿਆ ਹੈ, ਇਹ ਵਾਅਦਾ ਕਦੋਂ ਪੂਰਾ ਹੋਵੇਗਾ, ਜੋ ਵਾਅਦਾ ਤੁਸੀਂ ਆਪਣੇ ਮੈਨੀਫੈਸਟੋ 'ਚ ਕੀਤਾ ਸੀ? ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਅੱਜ ਲਗਭਗ ਸਾਢੇ 3 ਸਾਲ ਬੀਤ ਗਏ ਹਨ ਅਤੇ ਸ਼ਾਇਦ ਇਸ ਮੈਨੀਫੈਸਟੋ 'ਚ ਕੀਤੇ  ਵਾਅਦੇ ਤੁਹਾਨੂੰ ਭੁੱਲ ਗਏ ਹਨ। ਭਾਜਪਾ ਆਗੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਲਗਭਗ 8 ਲੱਖ ਨੌਜਵਾਨਾਂ ਨੇ ਤੁਹਾਡੀ ਨੌਕਰੀ ਦੇਣ ਵਾਲੀ ਵੈਬਸਾਈਟ 'ਤੇ ਅਰਜ਼ੀਆਂ ਭਰੀਆਂ ਹਨ ਅਤੇ ਲੱਖਾਂ ਬੱਚੇ ਰੋਜ਼ਗਾਰ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪੁਰਾਣੇ ਰੋਜ਼ਗਾਰਾਂ ਦੇ ਲੋਕ ਸਨ, ਉਹ ਵੀ ਅੱਜ ਬੇਰੁਜ਼ਗਾਰ ਹੋ ਗਏ ਹਨ ਪਰ ਕੈਪਟਨ ਸਾਬ੍ਹ ਤੁਸੀਂ ਆਪਣਾ ਵਾਅਦਾ ਭੁੱਲ ਚੁੱਕੇ ਹੋ ਅਤੇ ਇਸ ਮਾਮਲੇ 'ਚ ਪੰਜਾਬ ਦੀ ਜਨਤਾ ਸਾਹਮਣੇ ਗਲਤ ਆਂਕੜੇ ਪੇਸ਼ ਕਰ ਰਹੇ ਹੋ। ਉਥੇ ਹੀ ਭਾਜਪਾ ਆਗੂ ਨੇ ਕਿਹਾ ਕਿ ਇਹ ਰੋਜ਼ਗਾਰ ਦਾ ਵਾਅਦਾ ਨਹੀਂ ਸੀ ਬਲਕਿ ਹਰ ਘਰ ਨੌਕਰੀ ਦਾ ਵਾਅਦਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਪੰਜਾਬ ਦੇ ਹਰ ਘਰ 'ਚ ਲਗਭਗ 50 ਲੱਖ ਘਰ ਹਨ, ਉਨ੍ਹਾਂ 50 ਲੱਖ ਘਰਾਂ 'ਚ ਨੌਕਰੀ ਦੇਈਏ ਤਾਂ ਜੋ ਲੋਕਾਂ ਨੂੰ ਰੋਜ਼ਗਾਰ ਮਿਲੇ ਅਤੇ ਤੁਹਾਡਾ ਮੈਨੀਫੈਸਟੋ 'ਚ ਕੀਤਾ ਵਾਅਦਾ ਪੂਰਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਸਾਢੇ 3 ਸਾਲ ਬੀਤ ਗਏ ਹਨ ਤੇ ਗਿਣਤੀ ਦੇ ਦਿਨ ਰਹਿ ਗਏ ਹਨ, ਕੈਪਟਨ ਸਾਬ੍ਹ ਪੰਜਾਬ ਦੇ ਵਾਅਦੇ ਨੂੰ ਪੂਰਾ ਕਰੋ।
 


Deepak Kumar

Content Editor

Related News