ਸ਼ਹੀਦ ਹੋਏ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਦੇ ਪਰਿਵਾਰ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ

Thursday, Jul 30, 2020 - 05:15 PM (IST)

ਸ਼ਹੀਦ ਹੋਏ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਦੇ ਪਰਿਵਾਰ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ

ਨੱਥੂਵਾਲਾ ਗਰਬੀ (ਰਾਜਵੀਰ ਭਲੂਰੀਆ) : ਇਥੋਂ ਥੋੜੀ ਦੂਰ ਪਿੰਡ ਡੇਮਰੂ ਖੁਰਦ ਦਾ ਨੌਜਵਾਨ ਪਿਛਲੇ ਦਿਨੀ ਚੀਨ ਬਾਰਡਰ 'ਤੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ (24 ਸਾਲ) ਪੁੱਤਰ ਸਵਰਨ ਸਿੰਘ ਜੋ ਕਿ 4 ਸਿੰਘ ਐੱਲ. ਆਈ. ਯੂਨਿਟ (ਚਾਰ ਸਿੱਖ ਲਾਈਟ ਇੰਨਫੈਟਰੀ ਯੂਨਿਟ) ਦਾ ਸਿਪਾਹੀ ਸੀ ਅਤੇ ਅਰੁਣਾਚਲ ਪ੍ਰਦੇਸ਼ ਦੇ ਰਿਆਂਗ ਖੇਤਰ 'ਚ ਤੈਨਾਤ ਸੀ, ਜੋ ਕਿ ਅਸਲ ਕੰਟਰੋਲ ਰੇਖਾ ਦੇ ਨਜ਼ਦੀਕ ਬਹੁਤ ਜ਼ਿਆਦਾ ਉਚਾਈ ਵਾਲਾ ਬਰਫੀਲਾ ਇਲਾਕਾ ਹੈ । ਇੱਥੇ ਬਰਫੀਲੇ ਪਾਣੀ ਵਾਲੀ ਬਹੁਤ ਤੇਜ਼ ਨਦੀ ਵਹਿੰਦੀ ਹੈ, ਜਿਸ 'ਤੇ ਆਰਜ਼ੀ ਲੱਕੜ ਦਾ ਪੁੱਲ ਬਣਿਆ ਹੋਇਆ ਹੈ । 22 ਜੁਲਾਈ ਨੂੰ ਇੱਕ ਫੌਜੀ ਟੁਕੜੀ ਗਸ਼ਤ ਕਰ ਰਹੀ ਸੀ, ਜਿਸ ਵਿੱਚ ਉਕਤ ਨੌਜਵਾਨ ਵੀ ਸ਼ਾਮਲ ਸੀ। ਪੁੱਲ ਤੋਂ ਇਸ ਦਾ ਦੂਸਰਾ ਸਾਥੀ ਸਤਵਿੰਦਰ ਸਿੰਘ (20 ਸਾਲ) ਵਾਸੀ ਕੁਤਬਾ ਜ਼ਿਲ੍ਹਾ ਬਰਨਾਲਾ ਅਚਾਨਕ ਨਦੀ 'ਚ ਡਿੱਗ ਗਿਆ ਸੀ। ਆਪਣੇ ਸਾਥੀ ਨੂੰ ਮੌਤ ਦੇ ਮੂੰਹ 'ਚੋਂ ਬਚਾਉਣ ਵਾਸਤੇ ਲਖਵੀਰ ਸਿੰਘ ਵੀ ਮਗਰ ਹੀ ਨਦੀ 'ਚ ਕੁੱਦ ਗਿਆ। ਪਾਣੀ ਦਾ ਤੇਜ਼ ਵਹਾਅ ਦੋਵਾਂ ਫ਼ੌਜੀ ਜਵਾਨਾਂ ਨੂੰ ਆਪਣੇ ਨਾਲ ਮੌਤ ਦੇ ਮੂੰਹ 'ਚ ਲੈ ਗਿਆ। ਲਖਵੀਰ ਸਿੰਘ ਦੀ ਮ੍ਰਿਤਕ ਦੇਹ ਪੰਜ ਦਿਨਾਂ ਬਾਅਦ ਨਦੀ 'ਚੋਂ ਪ੍ਰਾਪਤ ਹੋਈ ਹੈ। ਲਖਵੀਰ ਸਿੰਘ ਕਰੀਬ ਸੱਤ ਸਾਲ ਪਹਿਲਾਂ ਫੌਜ 'ਚ ਭਰਤੀ ਹੋਇਆ ਸੀ। ਉਸ ਦੇ ਵਿਆਹ ਹੋਏ ਨੂੰ ਕਰੀਬ ਇੱਕ ਸਾਲ ਹੀ ਹੋਇਆ ਸੀ ਪਰ ਉਸ ਦੇ ਅਜੇ ਕੋਈ ਬੱਚਾ ਨਹੀਂ ਹੈ।

ਕੈਪਟਨ ਸਰਕਾਰ ਨੇ ਦੋਹਾਂ ਪਰਿਵਾਰਾਂ ਨੂੰ ਗ੍ਰਾਂਟ ਤੇ ਨੌਕਰੀ ਦੇਣ ਦਾ ਕੀਤਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੰਜਾਬ ਦੇ ਸ਼ਹੀਦ ਹੋਵੇ ਦੋਹਾਂ ਫ਼ੌਜੀ ਵੀਰਾਂ ਦੇ ਪਰਿਵਾਰਾਂ ਨੂੰ 50-50 ਲੱਖ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਪਰਿਵਾਰਾਂ ਦੇ ਵਾਰਸ ਯੋਗ ਮੈਂਬਰਾਂ ਨੂੰ ਨੌਕਰੀ ਵੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ਅਤੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਅਤੇ ਦੋਹਾਂ ਜਵਾਨਾਂ ਦੀ ਸ਼ਹੀਦੀ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਪੁੱਜੀ 'ਸ਼ਹੀਦ ਭਰਾ' ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਵਿਦਾਈ

ਸ਼ਹੀਦ ਫ਼ੌਜੀ ਦੇ ਨਾਂ ਦਾ ਪਾਰਕ, ਬਣਾਇਆ ਜਾਵੇਗਾ ਬੁੱਤ : ਵਿਧਾਇਕ ਦਰਸ਼ਨ ਸਿੰਘ ਬਰਾੜ
ਇਸ ਮੌਕੇ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਐਲਾਨ ਕੀਤਾ ਕਿ ਡੇਮਰੂ ਪਿੰਡ ਦੇ ਸ਼ਹੀਦ ਹੋਏ ਫ਼ੌਜੀ ਦੀ ਯਾਦਗਾਰ ਬਣਾਈ ਜਾਵੇਗੀ। ਉਹ ਆਪਣੇ ਅਖਤਿਆਰੀ ਫੰਡ 'ਚੋਂ ਪਿੰਡ ਵਿੱਚ ਪਾਰਕ ਬਣਾਉਣਗੇ, ਜਿਸ 'ਚ ਸ਼ਹੀਦ ਜਵਾਨ ਦਾ ਬੁੱਤ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਨੱਥੂਵਾਲਾ ਗਰਬੀ ਤੋਂ ਵਾਇਆ ਡੇਮਰੂ, ਲੰਡੇ ਸਮਾਲਸਰ ਤੱਕ 18 ਫੁੱਟੀ ਸੜਕ ਵੀ ਸ਼ਹੀਦ ਫ਼ੌਜੀ ਨੂੰ ਸਮਰਪਿਤ ਬਣਾਈ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਦੂਸਰੇ ਜਵਾਨ ਦੀ ਅਜੇ ਵੀ ਹੈ ਭਾਲ ਜਾਰੀ
ਲਖਵੀਰ ਸਿੰਘ ਦੇ ਨਾਲ ਹੀ ਲਾਪਤਾ/ਸ਼ਹੀਦ ਹੋਏ ਦੂਸਰੇ ਫ਼ੌਜੀ ਜਵਾਨ ਸਤਵਿੰਦਰ ਸਿੰਘ (20 ਸਾਲ) ਪੁੱਤਰ ਅਮਰ ਸਿੰਘ ਵਾਸੀ ਕੁਤਬਾ (ਬਰਨਾਲਾ) ਦੀ ਅਜੇ ਤੱਕ ਮ੍ਰਿਤਕ ਦੇਹ ਪ੍ਰਾਪਤ ਨਹੀਂ ਹੋਈ ਹੈ। ਪਰਿਵਾਰ ਨਾਲ ਸੰਪਰਕ ਕਰਨ 'ਤੇ ਜਾਣਕਾਰੀ ਮਿਲੀ ਹੈ ਕਿ ਪਰਿਵਾਰ ਨੂੰ ਸਿਰਫ਼ ਟੈਲੀਫੋਨ ਰਾਹੀ ਫ਼ੌਜ ਵਲੋਂ ਇੰਨੀ ਹੀ ਸੂਚਨਾ ਪ੍ਰਾਪਤ ਹੋਈ ਹੈ ਕਿ ਤੁਹਾਡਾ ਪੁੱਤਰ ਲਾਪਤਾ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਰਨਾਲਾ ਪ੍ਰਸ਼ਾਸ਼ਨ ਕੋਲ ਵੀ ਹੋਰ ਕੋਈ ਜਾਣਕਾਰੀ ਨਹੀਂ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੈ ਜਾਂ ਨਹੀਂ। ਉਹ ਚਾਹੂੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੋਵੇ ਅਤੇ ਘਰ ਵਾਪਸ ਆ ਜਾਵੇ। ਜ਼ਿਕਰਯੋਗ ਹੈ ਕਿ ਸਤਵਿੰਦਰ ਸਿੰਘ ਕਰੀਬ ਡੇਢ ਸਾਲ ਪਹਿਲਾਂ ਹੀ ਥਲ ਸੈਨਾ 'ਚ ਭਰਤੀ ਹੋਇਆ ਸੀ, ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ।

PunjabKesari

ਸਰਕਾਰੀ ਸਨਮਾਨਾਂ ਨਾਲ ਹੋਇਆ ਲਖਵੀਰ ਸਿੰਘ ਦਾ ਸਸਕਾਰ
ਲਖਵੀਰ ਸਿੰਘ ਦੀ ਮ੍ਰਿਤਕ ਦੇਹ ਫ਼ੌਜ ਦੇ ਫੁੱਲਾਂ ਨਾਲ ਸਿੰਗਾਰੇ ਹੋਏ ਟਰੱਕ ਰਾਹੀ ਕਰੀਬ 9 ਵਜੇ ਉਨ੍ਹਾਂ ਦੇ ਘਰ ਪੁੱਜੀ, ਜਿਸ ਨੂੰ ਪਹਿਲਾਂ ਉਨ੍ਹਾਂ ਦੇ ਘਰ ਦਰਸ਼ਨਾਂ ਵਾਸਤੇ ਰੱਖਿਆ ਗਿਆ। ਇਸ ਮੌਕੇ ਇਲਾਕੇ 'ਚੋਂ ਸੈਕੜਿਆਂ ਦੀ ਗਿਣਤੀ ਸਮੇਤ ਮੋਗਾ ਜ਼ਿਲ੍ਹੇ ਦਾ ਪੂਰਾ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਵੀ ਅੰਤਿਮ ਦਰਸ਼ਨਾਂ ਲਈ ਪੁੱਜਿਆ। ਦੇਸ਼ ਦੇ ਤਿਰੰਗੇ ਝੰਡੇ 'ਚ ਲਿਪੇਟੀ ਫ਼ੌਜੀ ਦੀ ਮ੍ਰਿਤਕ ਦੇਹ ਨੂੰ 10 ਵਜੇ ਦੇ ਕਰੀਬ ਸ਼ਮਸ਼ਾਨ ਘਾਟ ਲੈ ਜਾਇਆ ਗਿਆ। ਟਰੱਕ ਦੇ ਅੱਗੇ ਫ਼ੌਜ ਦੀ ਟੁਕੜੀ ਪਰੇਡ ਕਰ ਰਹੀ ਸੀ। ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸਨ ਅਤੇ “ਲਖਵੀਰ ਸਿੰਘ ਅਮਰ ਰਹ'', “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ'' ਦੇ ਜੈਕਾਰੇ ਲਗਾਏ ਜਾ ਰਹੇ ਸਨ। ਸਮਸ਼ਾਨ ਘਾਟ ਵਿੱਚ ਅਫਸਰ ਸਾਹਿਬਾਨਾਂ,ਪਤਵੰਤਿਆਂ ਅਤੇ ਪਰਿਵਾਰਕ ਮੈਬਰਾਂ ਨੇ ਫੁੱਲ ਮਲਾਵਾਂ ਭੇਟ ਕਰਦੇ ਹੋਏ ਸ਼ਹੀਦ ਨੂੰ ਸਲਾਮੀ ਦਿੱਤੀ। ਫ਼ੌਜੀ ਟੁਕੜੀ ਵੱਲੋਂ ਸੋਗਮਈ ਬਿਗੁਲ ਵਜਾਇਆ ਗਿਆ ਅਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਦੀ ਰਸਮ ਨਿਭਾਈ ਗਈ। ਚਿਖਾ ਨੂੰ ਅਗਨੀ ਸ਼ਹੀਦ ਦੇ ਪਿਤਾ ਨੇ ਦਿੱਤੀ।

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਬਿਹਤਰੀ ਲਈ ਸਿੱਖਿਆ ਦੇ ਖੇਤਰ 'ਚ ਨਵੇਂ ਬਦਲਾਅ ਦੀ ਤਿਆਰੀ

ਸਾਨੂੰ ਇਹ ਤਾਂ ਦੱਸ ਦਿਓ ਸਾਡਾ ਭਰਾ ਜਿਉਂਦਾ ਹੈ ਕਿ ਨਹੀਂ 
ਲਖਵੀਰ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਪਿੰਡ ਕੁਤਬਾ (ਬਰਨਾਲਾ) ਦੇ ਲਾਪਤਾ ਹੋਏ ਫ਼ੌਜੀ ਸਤਵਿੰਦਰ ਸਿੰਘ ਦੇ ਪਰਿਵਾਰਕ ਮੈਬਰ ਵੀ ਪਹੁੰਚੇ ਹੋਏ ਸਨ ।ਇਸ ਸਮੇਂ ਸਤਵਿੰਦਰ ਦੇ ਭਰਾ ਅਤੇ ਉਸ ਦੇ ਚਾਚੇ ਨੇ ਰੋ-ਰੋ ਕੇ ਆਰਮੀ ਦੇ ਅਫਸਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਇਹ ਤਾਂ ਦੱਸ ਦਿੱਤਾ ਜਾਵੇ ਕਿ ਉਨ੍ਹਾਂ ਦਾ ਸਤਵਿੰਦਰ ਜਿਉਂਦਾ ਵੀ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਹਾਲਤ ਬਹੁਤ ਬੁਰੀ ਹੈ ਕੋਈ ਵੀ ਅਫਸਰ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸ ਰਿਹਾ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ, ਪ੍ਰਧਾਨ ਮੰਤਰੀ ਅਤੇ ਫ਼ੌਜ ਦੇ ਮੁੱਖੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਜਵਾਨ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ । 

PunjabKesari


author

Anuradha

Content Editor

Related News