ਕੈਪਟਨ ਸਰਕਾਰ ਦਾ ਡੋਪ ਟੈਸਟ ਕੇਵਲ ਸਿਆਸੀ ਸਟੰਟ : ਲੌਂਗੋਵਾਲ
Wednesday, Jul 11, 2018 - 04:48 AM (IST)
ਲੁਧਿਆਣਾ(ਸਲੂਜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਕਰਵਾਏ ਜਾ ਰਹੇ ਡੋਪ ਟੈਸਟ ਨੂੰ ਕੇਵਲ ਸਿਆਸੀ ਸਟੰਟ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਗੰਭੀਰ ਸਮੱਸਿਆ ਦਾ ਡੋਪ ਟੈਸਟ ਕੋਈ ਸਾਰਥਕ ਹੱਲ ਨਹੀਂ ਹੈ। ਸਗੋਂ ਨਸ਼ਾਂ ਸਮੱਗਲਰਾਂ ਦੀ ਸਪਲਾਈ ਲਾਈਨ ਨੂੰ ਖਤਮ ਕਰਦੇ ਹੋਏ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ’ਚ ਧਕੇਲਣ ਵਾਲਿਆਂ ਦੇ ਨਾਲ ਸਖਤੀ ਵਰਤੇ। ਲੌਂਗੋਵਾਲ ਅੱਜ ਇਥੇ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ’ਚ ਨਤਮਸਤਕ ਹੋਣ ਦੇ ਬਾਅਦ ਮੀਡੀਆ ਨਾਲ ਰੂ-ਬ-ਰੂ ਹੋਏ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇਂ ਹੱਥੀਂ ਲੈਂਦੇ ਹੋਏ ਕਿਹਾ ਕਿ ਕੇਵਲ 4 ਦਿਨਾਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ਦੇ ਐਲਾਨ ਅੱਜ ਕਿੱਥੇ ਸਟੈਂਡ ਕਰਦਾ ਹੈ। ਅੱਜ ਹਾਲਾਤ ਤਾਂ ਇਹ ਹਨ ਕਿ ਪੰਜਾਬ ’ਚ ਹੁਣ ਹਰ ਰੋਜ਼ ਹੀ ਭਰ ਜਵਾਨੀ ’ਚ ਨੌਜਵਾਨ ਨਸ਼ਾ ਦੇ ਕਾਰਨ ਮਰ ਰਹੇ ਹਨ, ਜੋ ਕਿ ਚਿੰਤਾਜਨਕ ਅਤੇ ਗੰਭੀਰ ਮੁੱਦਾ ਹੈ। ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਸ਼ੇ ਖਿਲਾਫ ਜਾਗਰੂਕਤਾ ਪੈਦਾ ਕਰਨ ਦੇ ਲਈ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ’ਚ ਚੇਤਨਾ ਮਾਰਚ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਜਿਸ ਵਿਚ ਐੱਸ. ਜੀ. ਪੀ. ਸੀ. ਦੇ ਸਮੂਹ ਮੈਂਬਰ ਅਤੇ ਸਟਾਫ ਸਸ਼ਰਕਤ ਕਰਦੇ ਹੋਏ ਪੈਂਫਲਟ ਵੰਡ ਕੇ ਜਾਗਰੂਕਤਾ ਪੈਦਾ ਕਰਨਗੇ। ਅੰਮ੍ਰਿਤਧਾਰੀ ਬੀਬੀਆਂ ਲਈ ਹੈਲਮੇਟ ਜ਼ਰੂਰੀ ਕਰਨ ਦੇ ਮਾਮਲੇ ਵਿਚ ਕੋਰਟ ਦੇ ਆਏ ਫੈਸਲੇ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਸਾਰੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੋਟ ਮਿਲਣੀ ਚਾਹੀਦੀ। ਇਸ ਫੈਸਲੇ ਖਿਲਾਫ ਸ਼੍ਰੋਮਣੀ ਕਮੇਟੀ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਬਰਗਾਡ਼ੀ ਕਾਂਡ ’ਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਬਾਰੇ ਪੁੱਛੇ ਸਵਾਲ ’ਚ ਲੌਂਗੋਵਾਲ ਨੇ ਪੰਜਾਬ ਭਰ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਅਾਂ ਲਗਾਤਾਰ ਵਧ ਰਹੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਚਾਹੇ ਬਰਗਾਡ਼ੀ ’ਚ ਹੋਵੇ ਜਾਂ ਕਿਤੇ ਹੋਰ, ਉਹ ਬਹੁਤ ਦੀ ਦੁੱਖ ਵਾਲੀ ਗੱਲ ਹੈ।
