ਕੈਪਟਨ ਸਰਕਾਰ ਦਾ ਵੱਡਾ ਐਲਾਨ, ਕਿਸਾਨਾਂ ਦਾ ਕਰਜ਼ਾ ਕੀਤਾ ਮੁਆਫ

06/20/2017 1:20:57 PM

ਚੰਡੀਗੜ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਛੋਟੇ ਅਤੇ ਦਰਮਿਆਨੇ ਕਿਸਾਨਾਂ (ਪੰਜ ਏਕੜ ਤੱਕ) ਲਈ ਦੋ ਲੱਖ ਰੁਪਏ ਤੱਕ ਦਾ ਸਮੁੱਚਾ ਫਸਲੀ ਕਰਜ਼ਾ ਮੁਆਫ ਕਰਨ ਅਤੇ ਕਰਜ਼ੇ ਦੀ ਰਾਸ਼ੀ 'ਤੇ ਗੌਰ ਕੀਤੇ ਬਿਨਾਂ ਬਾਕੀ ਸਾਰੇ ਦਰਮਿਆਨੇ ਕਿਸਾਨਾਂ ਨੂੰ 2 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ, ਜਿਸ ਨਾਲ ਸੱਤਾਧਾਰੀ ਪਾਰਟੀ ਲਈ ਇਕ ਹੋਰ ਪ੍ਰਮੁੱਖ ਚੋਣ ਵਾਅਦਾ ਲਾਗੂ ਕਰਨ ਲਈ ਖੇਤੀਬਾੜੀ ਕਰਜ਼ੇ ਖਤਮ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਵਿਧਾਨ ਸਭਾ 'ਚ ਆਪਣੇ ਭਾਸ਼ਨ ਦੌਰਾਨ ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕੁੱਲ 10.25 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ, ਜਿਨਾਂ 'ਚ ਪੰਜ ਏਕੜ ਤੱਕ ਵਾਲੇ 8.75 ਲੱਖ ਕਿਸਾਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉੱਤਰ-ਪ੍ਰਦੇਸ਼ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਐਲਾਨ ਕੀਤੀ ਗਈ ਰਾਹਤ ਨਾਲੋਂ ਇਹ ਦੁੱਗਣੀ ਰਾਹਤ ਹੈ।
ਇਹ ਫੈਸਲਾ ਉੱਘੇ ਅਰਥਸ਼ਾਸ਼ਤਰੀ ਡਾ. ਟੀ. ਹੱਕ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁੱਪ ਵਲੋਂ ਦਿੱਤੀ ਗਈ ਅੰਤ੍ਰਿਮ ਰਿਪੋਰਟ 'ਤੇ ਅਧਾਰਿਤ ਹੈ। ਸੂਬਾ ਸਰਕਾਰ ਨੇ ਇਸ ਗਰੁੱਪ ਨੂੰ ਸੂਬੇ ਦੇ ਸੰਕਟਾਂ 'ਚ ਘਿਰੀ ਕਿਸਾਨੀ ਨੂੰ ਇਸ 'ਚੋਂ ਬਾਹਰ ਕੱਢਣ ਲਈ ਢੰਗ ਤਰੀਕੇ ਅਤੇ ਸੁਝਾਅ ਦੇਣ ਦਾ ਕਾਰਜ ਸੌਂਪਿਆ ਸੀ। ਕਿਸਾਨਾਂ ਦੇ ਫਸਲੀ ਕਰਜ਼ੇ ਮੁਆਫ ਕਰਨ ਲਈ ਆਪਣੀ ਵਚਨਬੱਧਤਾ 'ਤੇ ਸਰਕਾਰ ਵਲੋਂ ਦ੍ਰਿੜ ਹੋਣ ਦਾ ਸਪੱਸ਼ਟ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ 'ਚ ਖੁਦਕੁਸ਼ੀ ਕਰਨ ਵਾਲੇ ਸਾਰੇ ਕਿਸਾਨਾਂ ਦੇ ਪਰਿਵਾਰਾਂ 'ਤੇ ਖੜੇ ਫਸਲੀ ਕਰਜ਼ੇ ਸੰਸਥਾਈ ਸਰੋਤਾਂ ਰਾਹੀਂ ਸਰਕਾਰ ਦੁਆਰਾ ਆਪਣੇ ਸਿਰ ਲੈਣ ਦਾ ਵੀ ਵਾਧੂ ਫੈਸਲਾ ਕੀਤਾ ਹੈ। ਖੁਦਕੁਸ਼ੀ ਨਾਲ ਪੀੜਤ ਪਰਿਵਾਰਾਂ ਦੀ ਐਕਸ-ਗ੍ਰੇਸ਼ੀਆ ਰਾਸ਼ੀ ਵੀ ਮੌਜੂਦਾ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।
 

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਖੇਤੀ ਨਾਲ ਸਬੰਧਤ ਤਕਰੀਬਨ 18.5 ਲੱਖ ਪਰਿਵਾਰ ਹਨ ਅਤੇ ਇਨ੍ਹਾਂ 'ਚੋਂ ਲੱਗਭਗ 65 ਫੀਸਦੀ ਛੋਟੇ ਅਤੇ ਦਰਮਿਆਨੇ ਕਿਸਾਨ ਹਨ। ਇਨ੍ਹਾਂ ਵਿਚੋਂ ਤਕਰੀਬਨ 70 ਫੀਸਦੀ ਦੀ ਸੰਸਥਾਈ ਵਿੱਤ ਤੱਕ ਪਹੁੰਚ ਹੈ।ਕਿਸਾਨਾਂ ਵਲੋਂ ਪਰਾਲੀ ਅਤੇ ਨਾੜ ਨੂੰ ਅੱਗ ਲਾਏ ਜਾਣ ਦੇ ਅਮਲ ਨੂੰ ਬੰਦ ਕਰਨ ਵਾਸਤੇ ਝੋਨਾ ਪਰਾਲੀ ਚੁਣੌਤੀ ਫੰਡ ਸਥਾਪਿਤ ਕਰਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਸਦਨ 'ਚ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਉਨ੍ਹਾਂ ਸਾਰੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਣ ਦੀ ਆਗਿਆ ਦੇਣ ਵਾਸਤੇ ਪ੍ਰਧਾਨ ਮੰਤਰੀ ਨੇ ਪੱਤਰ ਲਿਖਿਆ ਹੈ, ਜੋ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਜ਼ਮੀਨ 'ਚ ਖਪਾਉਣਗੇ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਕਿਸਾਨਾਂ ਨੂੰ ਰਿਆਇਤ ਦੇਣ ਦੀ ਜ਼ਰੂਰਤ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਮੁਫਤ ਬਿਜਲੀ ਮਿਲੇਗੀ ਅਤੇ ਇਹ ਸਕੀਮ ਚਲਦੀ ਰਹੇਗੀ। ਇਸ ਦੌਰਾਨ ਚੋਣ ਮੈਨੀਫੈਸਟੋ 'ਚ ਕੈਪਟਨ ਵਲੋਂ ਕੀਤੇ ਗਏ ਵਾਅਦਿਆਂ ਮੁਤਾਬਕ ਬਿਜਲੀ ਪੰਜ ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ, ਟਰੱਕ ਯੂਨੀਅਨ ਨੂੰ ਖਤਮ ਕਰ ਦਿੱਤਾ ਜਾਵੇਗਾ, ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਅਤੇ ਨੌਕਰੀ ਸਕੀਮ ਤਹਿਤ 'ਆਪਣੀ ਗੱਡੀ ਆਪਣਾ ਰੁਜ਼ਗਾਰ, ਯਾਰੀ ਇੰਟਰਪ੍ਰਾਈਜ਼ਿਜ਼ ਅਤੇ ਹਰਾ ਟ੍ਰੈਕਟਰ ਦਾ ਐਲਾਨ ਕੀਤਾ ਜਾਵੇਗਾ।


Related News