ਖਰੀਦ ਕੇਂਦਰਾਂ ਦਾ ਬੁਰਾ ਹਾਲ, ਨਹੀਂ ਲਾਗੂ ਹੋ ਰਿਹਾ ਸੋਸ਼ਲ ਡਿਸਟੈਂਸ, ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ
Monday, Apr 20, 2020 - 02:20 PM (IST)
ਤਪਾ ਮੰਡੀ (ਸ਼ਾਮ,ਗਰਗ) : ਕੈਪਟਨ ਸਰਕਾਰ ਨੇ ਖਰੀਦ ਕੇਂਦਰਾਂ 'ਚ ਕਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਜੋ ਸਾਵਧਾਨੀਆਂ ਵਰਤਣ ਅਤੇ ਨਾਲ ਹੀ ਸਹੂਲਤਾਂ ਦੇਣ ਦਾ ਜੋ ਦਾਅਵਾ ਕੀਤਾ ਸੀ ਉਹ ਖਰੀਦ ਕੇਂਦਰਾਂ 'ਚ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਇਸ ਬਾਰੇ ਐੱਸ.ਐੱਸ.ਐੱਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਆੜ੍ਹਤੀਆਂ ਅਤੇ ਅਕਾਲੀ ਆਗੂ ਮੇਘ ਰਾਜਪੂਤ ਨੇ ਕਿਹਾ ਕਿ ਕੈਪਟਨ ਦੇ ਵਾਅਦੇ ਅਨੁਸਾਰ ਖਰੀਦ ਕੇਂਦਰਾਂ 'ਚ ਸਫਾਈ ਦੇ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ ਜਾਂ ਸੈਨੀਟਾਈਜਰ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਕੰਮ ਕਰਨ ਵਾਲੇ ਮਜਦੂਰਾਂ ਨੂੰ ਨਾ ਮਾਸਕ ਅਤੇ ਨਾ ਹੀ ਸੈਨੇਟਾਈਜ਼ਰ ਅਤੇ ਨਾ ਹੀ ਸਾਬਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਤੋਂ ਦੂਸਰੇ ਵਿਅਕਤੀ 1 ਤੋਂ ਡੇਢ ਮੀਟਰ ਦਾ ਸ਼ੋਸਲ ਡਿਸਟੈਂਸ ਬਣਾਉਣ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਸੋਸ਼ਲ ਡਿਸਟੈਂਸ਼ ਲਈ ਕੋਈ ਡੱਬੇ ਨਹੀਂ ਬਣਾਏ ਗਏ। ਇਸ ਲਈ ਕਰੋਨਾਵਾਇਰਸ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਪਈਆਂ ਹਨ।
ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ 'ਚ ਲੋੜੀਂਦਾ ਬਾਰਦਾਨਾ ਵੀ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਪਾਸ ਜਾਰੀ ਕਰਨ ਸਮੇਂ ਵੀ ਭੇਦਭਾਵ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਨਿਯਮੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਫਾਈ ਦੇ ਠੇਕੇਦਾਰ ਦੀ ਜਵਾਬਤਲਬੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਮੰਡੀ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਕਿਸਾਨ ਸਾਰੇ ਬੇਨਿਯਮੀਆਂ 'ਚ ਹੀ ਜਕੜਿਆਂ ਨਜ਼ਰ ਆ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਸਮੱਸਿਆਵਾਂ ਨੂੰ ਅਨਾਜ ਮੰਡੀਆਂ 'ਚ ਉਪਲੱਬਧ ਕਰਵਾਈਆਂ ਜਾਣ। ਅਜਿਹਾ ਨਾ ਹੋਵੇ ਕਿ ਮੰਡੀ ਨਿਵਾਸੀਆਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਵੇ ਜਿਸ ਦੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਦੀ ਹੋਵੇਗੀ।