ਕੈਪਟਨ ਸਰਕਾਰ ਦੀ ਵਾਅਦਾਖਿਲਾਫੀ ਕਾਰਨ ਸਿੱਖਿਆ ਪ੍ਰੋਵਾਈਡਰਾਂ ''ਚ ਰੋਸ ਦੀ ਲਹਿਰ

Friday, Mar 02, 2018 - 10:17 AM (IST)

ਕੈਪਟਨ ਸਰਕਾਰ ਦੀ ਵਾਅਦਾਖਿਲਾਫੀ ਕਾਰਨ ਸਿੱਖਿਆ ਪ੍ਰੋਵਾਈਡਰਾਂ ''ਚ ਰੋਸ ਦੀ ਲਹਿਰ

ਮੋਗਾ (ਸੰਦੀਪ)-ਸੂਬੇ ਦੇ ਸਿੱਖਿਆ ਵਿਭਾਗ 'ਚ ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਤੌਰ ਅਧਿਆਪਕ ਸੇਵਾਵਾਂ ਦੇ ਰਹੇ 6800 ਸਿੱਖਿਆ ਪ੍ਰੋਵਾਈਡਰਾਂ ਲਈ ਲੱਗਦਾ ਹੈ ਕਿ ਰੰਗਾਂ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਵੀ ਫਿੱਕਾ ਰਹੇਗਾ, ਕਿਉਂਕਿ ਪਿਛਲੇ ਤਿੰਨ ਮਹੀਨਿਆਂ ਤੋਂ ਇਨ੍ਹਾਂ ਨੂੰ ਬਣਦੀ ਤਨਖਾਹ ਵੀ ਨਸੀਬ ਨਹੀਂ ਹੋ ਸਕੀ, ਜਿਸ ਕਾਰਨ ਇਨ੍ਹਾਂ 'ਤੇ ਨਿਰਭਰ ਪਰਿਵਾਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਚੰਦ ਨਵਾਂ ਨੇ ਨੇਚਰ ਪਾਰਕ ਵਿਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।
ਜਸਵੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਉਕਤ ਅਧਿਆਪਕ ਸਥਾਈ ਤੌਰ 'ਤੇ ਤਾਇਨਾਤ ਅਧਿਆਪਕਾਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹ ਲੈ ਕੇ ਸੂਬੇ ਦੇ ਵੱਖ-ਵੱਖ ਸਕੂਲਾਂ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਇਸ 'ਤੇ ਵੀ ਉਨ੍ਹਾਂ ਦੀ ਤਨਖਾਹ ਸਮੇਂ ਸਿਰ ਨਸੀਬ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੇ ਤਿਉਹਾਰਾਂ ਦੇ ਦਿਨਾਂ 'ਚ ਅਕਸਰ ਉਨ੍ਹਾਂ ਨੂੰ ਤਨਖਾਹ ਸਮੇਂ 'ਤੇ ਨਹੀਂ ਮਿਲਦੀ, ਜਿਸ ਕਾਰਨ ਹਰ ਤਿਉਹਾਰ ਫਿੱਕਾ ਪੈ ਜਾਂਦਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਜਲਦ ਰਿਲੀਜ਼ ਕੀਤੀ ਜਾਵੇ, ਨਹੀਂ ਤਾਂ ਅਧਿਆਪਕ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੀਟਿੰਗ 'ਚ ਨਵਤੇਜ ਸਿੰਘ, ਸੰਜੀਵ ਕੁਮਾਰੀ, ਜਗਜੀਤ ਸਿੰਘ, ਰਾਮ ਅਵਤਾਰ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।


Related News