ਕੈਪਟਨ ਦਾ ਵਿਦੇਸ਼ੀ ਦੌਰਾ 7 ਤੋਂ, ਇੰਗਲੈਂਡ ਅਤੇ ਇਸਰਾਈਲ ਜਾਣਗੇ, ਵਾਪਸੀ ਹੋਵੇਗੀ 17 ਨੂੰ
Friday, Sep 01, 2017 - 07:25 AM (IST)

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਸਰਕਾਰੀ ਵਿਦੇਸ਼ੀ ਦੌਰਾ 7 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ 6 ਸਤੰਬਰ ਨੂੰ ਦਿੱਲੀ ਪਹੁੰਚ ਜਾਣਗੇ। ਉਥੋਂ ਉਹ 7 ਸਤੰਬਰ ਨੂੰ ਇੰਗਲੈਂਡ ਲਈ ਰਵਾਨਾ ਹੋਣਗੇ। ਇੰਗਲੈਂਡ 'ਚ 4-5 ਦਿਨ ਰੁਕਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਦੌਰੇ 'ਤੇ ਇਸਰਾਈਲ ਪਹੁੰਚਣਗੇ। ਪਿਛਲੇ ਮਹੀਨੇ ਭਾਰਤ 'ਚ ਇਸਰਾਈਲ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇਸਰਾਈਲ ਆਉਣ ਦਾ ਰਵਾਇਤੀ ਤੌਰ 'ਤੇ ਸੱਦਾ ਦਿੱਤਾ ਸੀ। ਇੰਗਲੈਂਡ 'ਚ ਮੁੱਖ ਮੰਤਰੀ ਨਿੱਜੀ ਦੌਰੇ 'ਤੇ ਰੁਕਣਗੇ। ਉਸ ਦਾ ਖਰਚਾ ਸਰਕਾਰੀ ਖਜ਼ਾਨੇ 'ਤੇ ਨਹੀਂ ਪਾਇਆ ਜਾਵੇਗਾ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਇਸਰਾਈਲ ਦੌਰਾ ਹੀ ਸਰਕਾਰੀ ਤੌਰ 'ਤੇ ਕੀਤਾ ਜਾ ਰਿਹਾ ਹੈ। ਇਸਰਾਈਲ ਨਾਲ ਮੁੱਖ ਮੰਤਰੀ ਵਲੋਂ ਰੱਖਿਆ, ਖੇਤੀ ਅਤੇ ਸਹਾਇਕ ਇਲਾਕਿਆਂ 'ਚ ਆਪਸੀ ਸਹਿਯੋਗ ਵਧਾਉਣ ਦੇ ਵਿਸ਼ੇ 'ਤੇ ਵਿਚਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੇ ਕਮਾਂਡੋਜ਼ ਨੂੰ ਇਸਰਾਈਲ ਦੇ ਸੁਰੱਖਿਆ ਅਧਿਕਾਰੀਆਂ ਨੇ ਟ੍ਰੇਨਿੰਗ ਦਿੱਤੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਬਣਾਏ ਜਾ ਰਹੇ ਨਵੇਂ ਸੁਰੱਖਿਆ ਅਮਲੇ ਨੂੰ ਇਸਰਾਈਲ ਦੇ ਸੁਰੱਖਿਆ ਅਧਿਕਾਰੀਆਂ ਤੋਂ ਟ੍ਰੇਨਿੰਗ ਦਿਵਾਏ ਜਾਣ ਦੇ ਸੰਬੰਧ 'ਚ ਇਸਰਾਈਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਖੇਤੀ ਖੇਤਰ 'ਚ ਨਵੀਂ ਤਕਨੀਕ ਦਾ ਇਸਤੇਮਾਲ ਕਰਨ ਸੰਬੰਧੀ ਵੀ ਗੱਲਬਾਤ ਹੋਵੇਗੀ। ਮੁੱਖ ਮੰਤਰੀ ਦੇ ਇਸਰਾਈਲ ਦੌਰੇ 'ਤੇ ਉਨ੍ਹਾਂ ਦੇ ਕੁਝ ਨੇੜਲੇ ਅਧਿਕਾਰੀ ਵੀ ਨਾਲ ਰਹਿਣਗੇ। ਮੁੱਖ ਮੰਤਰੀ ਨਾਲ ਕਿਹੜੇ ਅਧਿਕਾਰੀਆਂ ਨੇ ਜਾਣਾ ਹੈ, ਉਸ ਬਾਰੇ ਕੈਪਟਨ ਵਲੋਂ ਫੈਸਲਾ ਲੈ ਲਿਆ ਗਿਆ ਹੈ।
ਕੈਪਟਨ ਦੇ ਇਸਰਾਈਲ ਦੌਰੇ ਨੂੰ ਦੇਖਦੇ ਹੋਏ ਉਥੇ ਕੀਤੇ ਜਾਣ ਵਾਲੇ ਸਮਝੌਤਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦੀ ਵਿਦੇਸ਼ੀ ਦੌਰੇ ਤੋਂ ਵਾਪਸੀ 17 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ । ਅਜੇ ਇਹ ਨਹੀਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵਿਦੇਸ਼ ਜਾਂਦੇ ਸਮੇਂ ਆਪਣੀ ਜ਼ਿੰਮੇਵਾਰੀ ਕਿਹੜੇ ਮੰਤਰੀ ਦੇ ਹਵਾਲੇ ਕਰ ਕੇ ਜਾਣਗੇ। ਜੇਕਰ ਉਨ੍ਹਾਂ ਦੇ 2002 ਤੋਂ 2007 ਦੇ ਕਾਰਜਕਾਲ ਨੂੰ ਦੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਵਿਦੇਸ਼ ਗਏ ਤਾਂ ਉਹ ਆਪਣੀ ਜ਼ਿੰਮੇਵਾਰੀ ਕਿਸੇ ਵੀ ਹੋਰ ਮੰਤਰੀ ਦੇ ਹਵਾਲੇ ਕਰ ਕੇ ਨਹੀਂ ਗਏ ਸਨ। ਇੰਨਾ ਜ਼ਰੂਰ ਹੈ ਕਿ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਕੈਪਟਨ ਦੀ ਟੀਮ ਦੇ ਮੈਂਬਰ ਪੰਜਾਬ 'ਚ ਪੂਰੀ ਤਰ੍ਹਾਂ ਸਰਗਰਮ ਰਹਿਣਗੇ ਅਤੇ ਵਿਦੇਸ਼ 'ਚ ਰਹਿੰਦੇ ਹੋਏ ਮੁੱਖ ਮੰਤਰੀ ਨੂੰ ਪੰਜਾਬ ਬਾਰੇ ਪੂਰੀਆਂ ਸੂਚਨਾਵਾਂ ਉਪਲਬਧ ਕਰਵਾਉਣਗੇ। ਮੁੱਖ ਮੰਤਰੀ ਨੇ ਆਪਣੇ ਇਸਰਾਈਲ ਦੌਰੇ ਬਾਰੇ ਕੇਂਦਰ ਸਰਕਾਰ ਨੂੰ ਸੂਚਨਾ ਦੇ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਐਕਟਿਵ ਹਨ ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਐਕਟਿਵ ਹੋ ਗਏ ਹਨ। ਆਪਣੀ ਹਰ ਛੋਟੀ-ਵੱਡੀ ਸਰਗਰਮੀ ਬਾਰੇ ਉਹ ਸੋਸ਼ਲ ਮੀਡੀਆ 'ਤੇ ਜਾਣਕਾਰੀ ਦੇ ਰਹੇ ਹਨ। ਫੇਸਬੁੱਕ 'ਤੇ ਲਗਾਤਾਰ ਮੁੱਖ ਮੰਤਰੀ ਵਲੋਂ ਆਪਣੀ ਹਰ ਸਰਕਾਰੀ ਮੀਟਿੰਗ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸਰਾਈਲ ਦੌਰੇ ਦੌਰਾਨ ਹੋਣ ਵਾਲੀਆਂ ਬੈਠਕਾਂ ਦੀ ਜਾਣਕਾਰੀ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਉਹ ਪੰਜਾਬ 'ਚ ਕਾਂਗਰਸੀ ਨੇਤਾਵਾਂ ਤਕ ਪਹੁੰਚਾਉਂਦੇ ਰਹਿਣਗੇ।