ਕੈਪਟਨ ਨੇ ਫੇਸਬੁੱਕ ਅਤੇ ਗੂਗਲ ਤੋਂ ਮੰਗਿਆ ਤਕਨੀਕੀ ਸਮਰਥਨ
Friday, Aug 17, 2018 - 06:15 AM (IST)
ਜਲੰਧਰ, (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਜੰਗ 'ਚ ਹੁਣ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਅਤੇ ਗੂਗਲ ਦੇ ਸੀ. ਈ. ਓ. ਸੁੰਦਰ ਪਿਚਈ ਤੋਂ ਤਕਨੀਕੀ ਸਮਰਥਨ ਮੰਗਿਆ ਹੈ। ਜ਼ੁਕਰਬਰਗ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਇਕ ਨਾਜ਼ੁਕ ਮੋੜ ਤੋਂ ਲੰਘ ਰਿਹਾ ਹੈ। ਪੰਜਾਬ ਵਿਕਾਸ ਤੇ ਖੁਸ਼ਹਾਲੀ ਦੇ ਰਾਹ 'ਤੇ ਹੋ ਚੁੱਕਾ ਹੈ ਪਰ ਸੂਬੇ ਦੇ ਕੁਝ ਨੌਜਵਾਨ ਨਸ਼ਿਆਂ ਦੀ ਲਪੇਟ 'ਚ ਫਸੇ ਹੋਏ ਹਨ। ਨਸ਼ਿਆਂ 'ਤੇ ਕੰਟਰੋਲ ਕਰਨ ਲਈ ਕਈ ਕਦਮ ਚੁੱਕੇ ਹਨ ਅਤੇ ਸਰਕਾਰ ਇਸ ਸਬੰਧੀ ਜ਼ੀਰੋ ਟਾਲਰੈਂਸ ਨੀਤੀ ਦੀ ਪਾਲਣਾ ਕਰਨ 'ਚ ਲੱਗੀ ਹੋਈ ਹੈ।
ਸਰਕਾਰ ਨੇ ਨਸ਼ਿਆਂ 'ਤੇ ਕੰਟਰੋਲ ਕਰਨ ਲਈ ਤਿੰਨ ਸੂਤਰੀ ਰਣਨੀਤੀ ਅਪਣਾਈ ਹੈ, ਜਿਸ ਦੇ ਤਹਿਤ ਇਨਫੋਰਸਮੈਂਟ, ਨਸ਼ਾ ਛੁਡਾਉਣਾ ਅਤੇ ਉਸ 'ਤੇ ਰੋਕ ਲਾਉਣਾ ਸ਼ਾਮਲ ਹੈ। ਮੁੱਖ ਮੰਤਰੀ ਨੇ ਆਪਣੇ ਪੱਤਰ 'ਚ ਇਹ ਵੀ ਲਿਖਿਆ ਹੈ ਕਿ ਹੁਣ ਨਸ਼ਿਆਂ 'ਤੇ ਕੰਟਰੋਲ ਲਈ ਤਕਨੀਕ ਨੇ ਵੀ ਇਕ ਅਹਿਮ ਰੋਲ ਅਦਾ ਕਰਨਾ ਹੈ। ਇੰਟਰਨੈੱਟ 'ਤੇ ਨੌਜਵਾਨ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇੰਟਰਨੈੱਟ 'ਤੇ ਅਜਿਹੀ ਸਮੱਗਰੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ, ਜਿਸ ਨਾਲ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਨਸ਼ਿਆਂ ਦੇ ਮਾੜੇ ਨਤੀਜੇ ਕੀ ਹੁੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਫੇਸਬੁੱਕ ਰਾਹੀਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਸਬੰਧ 'ਚ ਆਪਣੇ ਪ੍ਰਧਾਨ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਸੰਪਰਕ ਲਈ ਨਾਮਜ਼ਦ ਕੀਤਾ ਹੈ। ਇਸੇ ਤਰ੍ਹਾਂ ਗੂਗਲ ਦੇ ਸੀ. ਈ. ਓ. ਸੁਰਿੰਦਰ ਪਿਚਈ ਨੂੰ ਭੇਜੇ ਪੱਤਰ 'ਚ ਵੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਨੌਜਵਾਨਾਂ 'ਚ ਸਿੱਖਿਆ ਦੇ ਪ੍ਰਸਾਰ ਦੇ ਸਬੰਧ 'ਚ ਗੂਗਲ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।
