ਇਧਰ ਕੈਪਟਨ ਨੇ ਬੁਲਾਈ ਬੈਠਕ, ਉਧਰ ਰਾਹੁਲ ਗਾਂਧੀ ਨੇ ਆਖ ਦਿੱਤੀ ਵੱਡੀ ਗੱਲ

Wednesday, Oct 27, 2021 - 04:03 PM (IST)

ਇਧਰ ਕੈਪਟਨ ਨੇ ਬੁਲਾਈ ਬੈਠਕ, ਉਧਰ ਰਾਹੁਲ ਗਾਂਧੀ ਨੇ ਆਖ ਦਿੱਤੀ ਵੱਡੀ ਗੱਲ

ਚੰਡੀਗੜ੍ਹ (ਅਸ਼ਵਨੀ) : ਕੈਪਟਨ ਅਮਰਿੰਦਰ ਸਿੰਘ ਜਲਦ ਹੀ ਵੱਡਾ ਸਿਆਸੀ ਐਲਾਨ ਕਰ ਸਕਦੇ ਹਨ। ਬਕਾਇਦਾ ਕੈਪਟਨ ਨੇ ਆਪਣੇ ਕਰੀਬੀਆਂ ਨੂੰ ਚੰਡੀਗੜ੍ਹ ਦੇ ਇਕ ਨਿੱਜੀ ਪੰਜ ਤਾਰਾ ਹੋਟਲ ਵਿਚ ਬੈਠਕ ਦਾ ਸੱਦਾ ਵੀ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਕੈਪਟਨ ਦੇ ਇਸ ਸੱਦੇ ਤੋਂ ਕਾਂਗਰਸ ਹਾਈਕਮਾਨ ਵੀ ਹਰਕਤ ਵਿਚ ਆ ਗਈ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਸੱਚੇ ਕਾਂਗਰਸੀ ਇਕ-ਦੂਜੇ ਦੀ ਕਮਜ਼ੋਰੀ ਨਹੀਂ, ਤਾਕਤ ਹਨ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦਾ ਇਹ ਟਵੀਟ ਅਸਲ ਵਿਚ ਪੰਜਾਬ ਦੇ ਉਨ੍ਹਾਂ ਕਾਂਗਰਸੀ ਨੇਤਾਵਾਂ ਨੂੰ ਸਿੱਧੀ ਨਸੀਹਤ ਹੈ, ਜਿਨ੍ਹਾਂ ਦੇ ਮਨ ਵਿਚ ਕੈਪਟਨ ਪ੍ਰਤੀ ਨਜ਼ਦੀਕੀਆਂ ਹਨ ਅਤੇ ਉਹ ਕੈਪਟਨ ਦੀ ਨਵੀਂ ਪਾਰਟੀ ਨਾਲ ਜੁੜ ਸਕਦੇ ਹਨ। ਇਸ ਗੱਲ ਦੇ ਸ਼ੱਕ ਨੂੰ ਭਾਂਪਦੇ ਹੋਏ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਕੌਰ ਨੇ ਕਿਹਾ ਹੈ ਬੇਸ਼ੱਕ ਕਾਂਗਰਸ ਦਾ ਕੋਈ ਵਿਧਾਇਕ ਕੈਪਟਨ ਦਾ ਸਾਥ ਨਹੀਂ ਜਾਵੇਗਾ ਪਰ ਜੇਕਰ ਕੈਪਟਨ ਨੇ ਕਿਸੇ ’ਤੇ ਕੋਈ ਅਹਿਸਾਨ ਕੀਤਾ ਤਾਂ ਉਹ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਪਟਨ ਨੇ ਕਦੇ ਕਿਸੇ ਮੰਤਰੀ ਜਾਂ ਵਿਧਾਇਕ ਨਾਲ ਖੁੱਲ੍ਹ ਕੇ ਮੁਲਾਕਾਤ ਨਹੀਂ ਕੀਤੀ ਤਾਂ ਉਨ੍ਹਾਂ ’ਤੇ ਕੌਣ ਭਰੋਸਾ ਕਰੇਗਾ? ਉਨ੍ਹਾਂ ਲਈ ਚੰਗਾ ਹੁੰਦਾ ਕਿ ਜੇਕਰ ਕੈਪਟਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੁੰਦੇ। ਇਸ ਨਾਲ ਲੋਕਾਂ ਦਾ ਸ਼ੱਕ ਸ਼ਾਂਤ ਹੋ ਜਾਂਦਾ ਅਤੇ ਉਹ ਕੁਝ ਸੀਟਾਂ ਜਿੱਤ ਪਾਉਂਦੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੈਪਟਨ ਦੀ ਨਵੀਂ ਪਾਰਟੀ ਸਬੰਧੀ ਸੁਗਬੁਗਾਹਟਾਂ ’ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੱਖਰੀ ਪਾਰਟੀ ਬਣਾਉਣ ਦਾ ਹੱਕ ਹੈ ਪਰ ਉਹ ਇਹ ਭੁੱਲ ਗਏ ਹਨ ਕਿ ਉਨ੍ਹਾਂ ਨੇ ਸਾਢੇ 19 ਸਾਲ ਤਕ ਕਾਂਗਰਸ ਵਲੋਂ ਦਿੱਤੇ ਗਏ ਅਹੁਦੇ ਦਾ ਆਨੰਦ ਲਿਆ ਹੈ। ਰੰਧਾਵਾ ਨੇ ਕਿਹਾ ਕਿ ਕੈਪਟਨ ਕੋਲੋਂ ਪੰਜਾਬ ਦੇ ਲੋਕ ਸਾਢੇ 4 ਸਾਲਾਂ ਵਿਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਮੰਗਣਗੇ।

ਇਹ ਵੀ ਪੜ੍ਹੋ : ਵੱਡਾ ਸਵਾਲ : ਕਾਂਗਰਸ ’ਚੋਂ ਕੌਣ ਬਣੇਗਾ ਕੈਪਟਨ ਦੀ ਨਵੀਂ ਪਾਰਟੀ ਦਾ ਹਿੱਸਾ

ਜੇਕਰ ਕੈਪਟਨ ਨਵੀਂ ਪਾਰਟੀ ਬਣਾਉਣਗੇ ਤਾਂ ਬਹੁਤ ਵੱਡੀ ਗਲਤੀ ਕਰਨਗੇ, ਇਸ ਨਾਲ ਉਨ੍ਹਾਂ ਦੇ ਅਕਸ ’ਤੇ ਦਾਗ ਲੱਗੇਗਾ। ਹਾਲਾਂਕਿ ਰੰਧਾਵਾ ਨੇ ਕੈਪਟਨ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਹੋਣ ਵਾਲੇ ਨੁਕਸਾਨ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਿਜ ਕੀਤਾ। ਰੰਧਾਵਾ ਨੇ ਕਿਹਾ ਕਿ ਕੈਪਟਨ ਦੇ ਕਾਂਗਰਸ ਵਿਚ ਰਹਿਣ ਨਾਲ ਨੁਕਸਾਨ ਹੋ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਕੁਰਸੀ ਤੋਂ ਉਤਾਰਿਆ ਗਿਆ, ਉਨ੍ਹਾਂ ਦੇ ਜਾਣ ਨਾਲ ਨੁਕਸਾਨ ਨਹੀਂ ਹੋਵੇਗਾ।

ਨਵੀਂ ਪਾਰਟੀ ਦੇ ਨਾਂ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ, ਹੁਣ ‘ਪੰਜਾਬ ਲੋਕ ਕਾਂਗਰਸ’ ਦੀ ਚਰਚਾ
ਕੈਪਟਨ ਵਲੋਂ ਬੁੱਧਵਾਰ ਨੂੰ ਬੁਲਾਈ ਗਈ ਬੈਠਕ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਨਵੀਂ ਪਾਰਟੀ ਦੇ ਨਾਂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਉਂਝ ਤਾਂ ਪਹਿਲਾਂ ਵੀ 2 ਨਾਂ ਚਰਚਾ ਵਿਚ ਰਹੇ ਹਨ ਪਰ ਮੰਗਲਵਾਰ ਨੂੰ ਇੱਕ ਨਵਾਂ ਨਾਂ ਵੀ ਚਰਚਾ ਵਿਚ ਆਇਆ। ਕਿਹਾ ਗਿਆ ਕਿ ਕੈਪਟਨ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪੰਜਾਬ ਪੀਪਲਸ ਕਾਂਗਰਸ ਪਾਰਟੀ ਤੋਂ ਲੈ ਕੇ ਪੰਜਾਬ ਵਿਕਾਸ ਪਾਰਟੀ ਵਰਗੇ ਨਾਂਵਾਂ ਦਾ ਕਿਆਸ ਲਾਇਆ ਜਾ ਰਿਹਾ ਸੀ। ਪੰਜਾਬ ਵਿਕਾਸ ਪਾਰਟੀ ਦੇ ਨਾਂ ਨੂੰ ਲੈ ਕੇ ਤਾਂ ਕਾਫ਼ੀ ਸਮੇਂ ਤੋਂ ਚਰਚਾ ਜਾਰੀ ਰਹੀ ਹੈ।    

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਨੇ 8 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਕੀਤਾ ਫੈਸਲਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News