ਕੈਪਟਨ ਅਮਰਿੰਦਰ ਸਿੰਘ ਦੀ ਮਾਮੀ ਗੁਰਚਰਨ ਕੌਰ ਦਾ ਦਿਹਾਂਤ
Wednesday, Dec 27, 2017 - 07:36 AM (IST)
ਚੰਡੀਗੜ (ਭੁੱਲਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਮੀ ਜੀ ਗੁਰਚਰਨ ਕੌਰ ਦਾ ਲੰਬੀ ਬੀਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ। 98 ਸਾਲਾ ਗੁਰਚਰਨ ਕੌਰ, ਪਟਿਆਲਾ ਰਿਆਸਤ 'ਚ ਪਰਜਾ ਮੰਡਲ ਲਹਿਰ ਦੇ ਮੋਢੀ ਸੇਵਾ ਸਿੰਘ ਠੀਕਰੀਵਾਲਾ ਦੀ ਇਕਲੌਤੀ ਪੁੱਤਰੀ ਸੀ। ਗੁਰਚਰਨ ਕੌਰ ਦੇ ਪੁੱਤਰ ਕੈਪਟਨ ਅਮਰਜੀਤ ਸਿੰਘ ਜੇਜੀ ਅਨੁਸਾਰ ਉਨ੍ਹਾਂ ਨੇ ਆਖਰੀ ਸਾਹ ਅੱਜ ਸਵੇਰੇ 10:30 ਵਜੇ ਸੈਕਟਰ-28 ਸਥਿਤ ਆਪਣੀ ਧੀ ਦੇ ਘਰ ਲਿਆ। ਦੁਪਹਿਰ ਨੂੰ ਪਟਿਆਲਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਮੁੱਖ ਮੰਤਰੀ ਵੱਲੋਂ ਗੁਰਚਰਨ ਕੌਰ ਦੀ ਦੇਹ 'ਤੇ ਸਤਿਕਾਰ ਵਜੋਂ ਫੁੱਲ-ਮਾਲਾਵਾਂ ਭੇਟ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਮੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਲਈ ਅਰਦਾਸ ਕੀਤੀ। ਗੁਰਚਰਨ ਕੌਰ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਪਟਿਆਲਾ ਵਿਖੇ 30 ਦਸੰਬਰ ਨੂੰ ਹੋਵੇਗੀ।
