ਰਾਣਾ ਗੁਰਜੀਤ ਦਾ ਅਸਤੀਫਾ ਲੈ ਕੇ ਕੈਪਟਨ ਪਹੁੰਚੇ ਦਿੱਲੀ

01/16/2018 11:28:53 PM

ਚੰਡੀਗੜ੍ਹ (ਭੁੱਲਰ)— ਕਈ ਵਿਵਾਦਾਂ 'ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਦਿੱਤੇ ਗਏ ਅਸਤੀਫੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ ਚਲੇ ਗਏ ਹਨ। ਅੱਜ ਨਵੀਂ ਦਿੱਲੀ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਚੰਡੀਗੜ੍ਹ 'ਚ ਮੁੱਖ ਮੰਤਰੀ ਦਫਤਰ ਨਾਲ ਸੰਬੰਧਤ ਉਚ ਅਧਿਕਾਰੀਆਂ ਨਾਲ ਆਪਣੀ ਰਿਹਾਇਸ਼ 'ਤੇ ਮੀਟਿੰਗਾਂ ਵੀ ਕੀਤੀਆਂ। ਮਿਲੀ ਜਾਣਕਾਰੀ ਅਨੁਸਾਰ 17 ਜਨਵਰੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੈਅ ਹੋਈ ਹੈ। ਜਿਕਰਯੋਗ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਕੈ. ਅਮਰਿੰਦਰ ਸਿੰਘ ਨਾਲ ਗਏ ਹਨ। ਮੁੱਖ ਮੰਤਰੀ ਦਫਤਰ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨਾਲ ਰਾਣਾ ਗੁਰਜੀਤ ਦੇ ਅਸਤੀਫੇ ਨੂੰ ਲੈ ਕੇ ਕੈ. ਅਮਰਿੰਦਰ ਸਿੰਘ ਰਾਤ ਦੇ ਖਾਣੇ 'ਤੇ ਹੋਣ ਵਾਲੀ ਮੀਟਿੰਗ ਦੌਰਾਨ ਚਰਚਾ ਕਰਨਗੇ। ਇਸ ਮੀਟਿੰਗ 'ਚ ਜਾਖੜ ਵੀ ਮੌਜੂਦ ਰਹਿਣਗੇ। ਇਸ ਮੀਟਿੰਗ 'ਚ ਮੰਤਰੀ ਮੰਡਲ ਵਿਸਥਾਰ ਦਾ ਸਮਾਂ ਤੈਅ ਕਰਨ ਤੋਂ ਇਲਾਵਾ ਨਗਰ ਨਿਗਮਾਂ ਦੇ ਮੇਅਰਾਂ ਅਤੇ ਲੁਧਿਆਣਾ ਨਿਗਮ ਦੀ ਚੋਣ ਦੇ ਮੁੱਦਿਆਂ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।
ਰਾਹੁਲ ਨਾਲ ਮੀਟਿੰਗ ਤੋਂ ਪਹਿਲਾਂ ਦੋਵੇਂ ਆਗੂ ਬਾਅਦ ਦੁਪਹਿਰ ਪਾਰਟੀ ਹਾਈਕਮਾਂਡ ਦੇ ਨੇਤਾਵਾਂ ਨੂੰ ਮਿਲਣਗੇ। ਇਨਾ 'ਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਿ-ਇੰਚਾਰਜ ਹਰੀਸ਼ ਚੌਧਰੀ ਦੇ ਨਾਂ ਜਿਕਰਯੋਗ ਹਨ। ਰਾਣਾ ਗੁਰਜੀਤ ਦੇ ਅਸਤੀਫੇ ਨੂੰ ਮੰਜੂਰ ਜਾਂ ਰੱਦ ਕਰਨ ਸੰਬੰਧੀ ਪਹਿਲਾਂ ਇਸ ਮੀਟਿੰਗ 'ਚ ਰਾਏ ਬਣਾਈ ਜਾਏਗੀ ਅਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਨਾਲ ਰਾਤ ਨੂੰ ਹੋਣ ਵਾਲੀ ਮੀਟਿੰਗ 'ਚ ਰਾਣਾ ਦੇ ਭਵਿੱਖ ਬਾਰੇ ਫੈਸਲਾ ਹੋਏਗਾ। ਚਰਚਾ ਇਹੀ ਹੈ ਕਿ ਕਾਂਗਰਸ ਪ੍ਰਧਾਨ ਦੇ ਰੁਖ ਨੂੰ ਵੇਖਦਿਆਂ ਰਾਣਾ ਦਾ ਅਸਤੀਫਾ ਮੰਜੂਰ ਕੀਤੇ ਜਾਣ ਦਾ ਫੈਸਲਾ ਲਏ ਜਾਣ ਦੀ ਗੱਲ ਤੈਅ ਮੰਨੀ ਜਾ ਰਹੀ ਹੈ। ਇਹ ਵੀ ਚਰਚਾ ਹੈ ਕਿ ਹਾਈਕਮਾਂਡ ਦੇ ਨਿਰਦੇਸ਼ਾਂ ਦੇ ਬਾਅਦ ਹੀ ਰਾਣਾ ਤੋਂ ਅਸਤੀਫਾ ਲਿਆ ਗਿਆ ਹੈ। ਜਿਕਰਯੋਗ ਹੈ ਕਿ ਮਾਈਨਿੰਗ ਮਾਮਲੇ 'ਚ ਨਾ ਆਉਣ ਤੋਂ ਬਾਅਦ ਸਿੰਚਾਈ ਘੋਟਾਲੇ ਨੂੰ ਲੈ ਕੇ ਛਿੜੇ ਵਿਵਾਦ ਅਤੇ ਉਸ ਤੋਂ ਬਾਅਦ ਰਾਣਾ ਗੁਰਜੀਤ ਦੇ ਬੇਟੇ ਨੂੰ ਈ.ਡੀ. ਵਲੋਂ ਮਨੀ ਲਾਂਡਰਿੰਗ ਮਾਮਲੇ 'ਚ ਨੋਟਿਸ ਹੋਣ ਤੋਂ ਬਾਅਦ ਹੀ ਵਿਰੋਧੀ ਧਿਰ ਵਲੋਂ ਲਗਾਤਾਰ ਰਾਣਾ ਗੁਰਜੀਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਹੀ ਗੱਲ ਅਸਤੀਫੇ ਤਕ ਪਹੁੰਚੀ ਹੈ। 
ਅੰਤਮ ਫੈਸਲਾ ਹਾਈਕਮਾਂਡ ਦੇ ਹੱਥ : ਕੈਪਟਨ
ਇਸੇ ਦੌਰਾਨ ਅੱਜ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜਿੱਥੇ ਖੁਦ ਰਾਣਾ ਗੁਰਜੀਤ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਉਥੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਹਾਲੇ ਅਸਤੀਫਾ ਉਨ੍ਹਾਂ ਨੇ ਪ੍ਰਵਾਨ ਨਹੀਂ ਕੀਤਾ। ਅਸਤੀਫੇ ਬਾਰੇ ਅੰਤਮ ਫੈਸਲਾ ਪਾਰਟੀ ਹਾਈਕਮਾਂਡ ਦੇ ਹੱਥ 'ਚ ਹੈ ਅਤੇ ਇਸ ਬਾਰੇ ਫੈਸਲਾ ਰਾਹੁਲ ਗਾਂਧੀ ਨਾਲ ਮੀਟਿੰਗ 'ਚ ਚਰਚਾ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਣਾ ਗੁਰਜੀਤ ਨੇ ਕਲ ਨਹੀਂ ਬਲਕਿ ਚਾਰ ਜਨਵਰੀ ਨੂੰ ਹੀ ਅਸਤੀਫਾ ਵਿਵਾਦਾਂ ਕਾਰਨ ਦੇ ਦਿੱਤਾ ਸੀ।


Related News