ਕੈਪਟਨ ਵਲੋਂ ਮਿਲਖਾ ਸਿੰਘ ਦੇ ਦਿਹਾਂਤ ’ਤੇ ਇਕ ਦਿਨਾਂ ਸਰਕਾਰੀ ਸੋਗ ਦਾ ਐਲਾਨ
Saturday, Jun 19, 2021 - 02:45 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਸਰਕਾਰ ਨੂੰ ਮਹਾਨ ਅਥਲੀਟ ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਇਕ ਦਿਨਾ ਸਰਕਾਰੀ ਸੋਗ ਵੀ ਐਲਾਨਿਆ ਹੈ। ਦੱਸਣਯੋਗ ਹੈ ਕਿ ‘ਉਡਣਾ ਸਿੱਖ’ ਮਿਲਖਾ ਸਿੰਘ ਬੀਤੀ ਦੇਰ ਰਾਤ ਪੀ. ਜੀ. ਆਈ. ਵਿਖੇ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਚੱਲ ਵਸੇ। ਮਹਾਨ ਸਪੂਤ ਮਿਲਖਾ ਸਿੰਘ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ ਅਤੇ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿਚ ਦੇਸ਼ ਲਈ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ, ਜਿਸ ਸਦਕਾ ਹਰੇਕ ਦੇਸ਼ ਵਾਸੀ ਖ਼ਾਸ ਕਰਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ। ਦੱਸਣਯੋਗ ਹੈ ਕਿ ਪੀ. ਜੀ. ਆਈ. 'ਚ ਦਾਖ਼ਲ ਉੱਡਣੇ ਸਿੱਖ ਮਿਲਖਾ ਸਿੰਘ ਸ਼ੁੱਕਰਵਾਰ ਰਾਤ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਵੀ ਆ ਗਈ ਸੀ ਪਰ ਬਾਵਜੂਦ ਇਸਦੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਉਨ੍ਹਾਂ ਨੂੰ ਪੀ. ਜੀ. ਆਈ. ਦੇ ਕਾਰਡੀਅਕ ਸੈਂਟਰ ਵਿੱਚ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਦਿਹਾਂਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਹੋਰ ਆਗੂਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ, ਰਾਜਕੁਮਾਰ ਵੇਰਕਾ ਨਾਲ ਕੀਤੀ ਮੁਲਾਕਾਤ
3 ਦਿਨ ਪਹਿਲਾਂ ਪਤਨੀ ਹਾਰ ਗਈ ਸੀ ਕੋਰੋਨਾ ਨਾਲ ਜੰਗ
ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਸਨ। ਉਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। 13 ਜੂਨ ਨੂੰ ਕੋਵਿਡ ਕਾਰਨ ਹਾਲਤ ਵਿਗੜਨ 'ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਮਿਲਖਾ ਸਿੰਘ ਪੀ. ਜੀ. ਆਈ. ’ਚ ਦਾਖਲ ਹੋਣ ਦੀ ਵਜ੍ਹਾ ਨਾਲ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ 'ਚ ਕਰੇਗੀ ਸੋਧ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ