ਕੈਪਟਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਖੁਸ਼ ਕੀਤੇ ਪੰਜਾਬ ਵਾਸੀ, ''ਸਹੁੰ'' ਚੁੱਕਣ ਸਬੰਧੀ ਕੀਤਾ ਇਹ ਐਲਾਨ

03/15/2017 11:59:20 AM

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਫਾਲਤੂ ਦੇ ਖਰਚਿਆਂ ''ਤੇ ਲਗਾਮ ਕੱਸਣ ਦਾ ਫੈਸਲਾ ਲੈ ਕੇ ਪੰਜਾਬ ਵਾਸੀਆਂ ਨੂੰ ਖੁਸ਼ ਕਰ ਦਿੱਤਾ ਹੈ। ਕੈਪਟਨ ਨੇ ਫੈਸਲਾ ਲਿਆ ਹੈ ਕਿ ਮੁੱਖ ਮੰਤਰੀ ਦੇ ''ਸਹੁੰ ਚੁੱਕ ਸਮਾਰੋਹ'' ਦੌਰਾਨ ਉਹ ਫਾਲਤੂ ਖਰਚਾ ਬਿਲਕੁਲ ਨਹੀਂ ਕਰਨਗੇ ਅਤੇ ਇਸ ਸਮਾਰੋਹ ਲਈ ਕਿਸੇ ਤਰ੍ਹਾਂ ਦਾ ਵਿਖਾਵਾ ਨਹੀਂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਪੇਸ਼ ਆ ਰਹੀਆਂ ਵਿੱਤੀ ਪਰੇਸ਼ਾਨੀਆਂ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਦਿਆਂ ਇਕ ਸਧਾਰਨ ''ਸਹੁੰ ਚੁੱਕ ਸਮਾਰੋਹ'' ਦੇ ਆਯੋਜਨ ਦਾ ਫੈਸਲਾ ਲਿਆ ਹੈ। ਇਸ ਲੜੀ ਤਹਿਤ ਵੀਰਵਾਰ ਸਵੇਰੇ ਰਾਜ ਭਵਨ ''ਚ ''ਸਹੁੰ ਚੁੱਕ ਸਮਾਰੋਹ'' ਸਾਦੇ ਢੰਗ ਨਾਲ ਕੀਤਾ ਜਾਵੇਗਾ ਅਤੇ ਪੰਜਾਬ ਦੇ ਰਾਜਪਾਲ ਵੀ. ਪੀ ਸਿੰਘ ਬਦਨੌਰ, ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁਕਵਾਉਣਗੇ।ਕਾਂਗਰਸ ਵਿਧਾਇਕ ਦਲ ਦੇ ਲੀਡਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਪਣੀ ਕੈਬਿਨੇਟ ਦੇ ਕੁਝ ਮੈਂਬਰਾਂ ਸਮੇਤ ਸਹੁੰ ਚੁੱਕ ਕੇ ਨਵੀਂ ਸਰਕਾਰ ਦਾ ਗਠਨ ਕਰਨਗੇ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਵਿੱਤੀ ਹਾਲਾਤਾਂ ਦੇ ਮੱਦੇਨਜ਼ਰ ਉਹ ਸਹੁੰ ਚੁੱਕ ਸਮਾਰੋਹ ''ਚ ਗੈਰ ਲੋੜੀਂਦੇ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸ਼ਾਸਨ ਵੱਲੋਂ ਪੈਦਾ ਕੀਤੀ ਗਈ ਵਿੱਤੀ ਬਦਹਾਲੀ ਤੋਂ ਸੂਬੇ ਨੂੰ ਬਾਹਰ ਕੱਢਣ ਵਾਸਤੇ ਵਚਨਬੱਧ ਹੈ। ਇਸ ਦਿਸ਼ਾ ''ਚ, ਹਰੇਕ ਛੋਟਾ ਜਿਹਾ ਕਦਮ ਕਾਫੀ ਅਹਿਮੀਅਤ ਰੱਖਦਾ ਹੈ, ਤਾਂ ਜੋ ਇਨ੍ਹਾਂ ਹਾਲਾਤਾਂ ''ਚ ਹਰ ਮੁਮਕਿਨ ਰੁਪਏ ਦੀ ਬਚੱਤ ਯਕੀਨੀ ਬਣਾਈ ਜਾ ਸਕੇ। ਕੈਪਟਨ ਨੇ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਵੀ ਪ੍ਰੋਗਰਾਮ ਨੂੰ ਸਧਾਰਨ ਰੱਖਣ ਵਾਸਤੇ ਆਪਣੇ ਨਿੱਜੀ ਸੱਦਿਆਂ ਨੂੰ ਘੱਟੋ-ਘੱਟ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਵਿਧਾਇਕਾਂ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੀ ਇਸੇ ਤਰ੍ਹਾਂ ਦਾ ਸੰਯਮ ਵਰਤੇ ਜਾਣ ਲਈ ਕਿਹਾ ਹੈ, ਜਿਨ੍ਹਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ ''ਤੇ ਜਾਮ੍ਹ ਲਾਉਂਦਿਆਂ ਸ਼ਹਿਰ ਦੇ ਲੋਕਾਂ ਵਾਸਤੇ ਸਮੱਸਿਆ ਨਹੀਂ ਪੈਦਾ ਕਰਨੀ ਚਾਹੀਦੀ ਹੈ। ਜਦਕਿ ਪਾਰਟੀ ਵਰਕਰਾਂ ''ਤੇ ਪੰਜਾਬ ਦੇ ਲੋਕਾਂ ਦਾ ਵਿਧਾਨ ਸਭਾ ਚੋਣਾਂ ''ਚ ਕਾਂਗਰਸ ਨੂੰ ਇਕ ਸਪੱਸ਼ਟ ਤੇ ਵੱਡੇ ਬਹੁਮਤ ਦਿਲਾਉਣ ਲਈ ਧੰਨਵਾਦ ਪ੍ਰਗਟਾਉਂਦਿਆਂ ਕੈਪਟਨ ਨੇ ਕਿਹਾ ਕਿ ਉਹ ਸਰਕਾਰ ਗਠਨ ਵਾਸਤੇ ਸੰਵਿਧਾਨਿਕ ਲੋੜਾਂ ਨੂੰ ਪੂਰਾ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਧੰਨਵਾਦ ਪ੍ਰਗਟਾਉਣ ਵਾਸਤੇ ਨਿਜੀ ਤੌਰ ''ਤੇ ਸਾਰਿਆਂ ਜ਼ਿਲ੍ਹਿਆਂ ਦਾ ਦੌਰਾ ਕਰਨਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਤੇ ਤਰੱਕੀ ਨੂੰ ਮੁੜ ਪੱਟੜੀ ''ਤੇ ਲਿਆਉਣ ਲਈ ਲੋਕਾਂ ਨੂੰ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਰਤਮਾਨ ''ਚ ਸੂਬਾ ਹਜ਼ਾਰਾਂ ਕਰੋੜਾਂ ਰੁਪਇਆਂ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਅਜਿਹੇ ''ਚ ਸੰਕਟ ਦਾ ਹੱਲ ਕੱਢਣ ਵਾਸਤੇ ਸਾਰੇ ਸਰਕਾਰੀ ਵਿਭਾਗਾਂ ਵੱਲੋਂ ਇਕਜੁੱਟ ਹੋ ਕੇ ਵੱਖ ਤੋਂ ਕਦਮ ਚੁੱਕੇ ਜਾਣ ਦੀ ਲੋੜ ਹੈ, ਜਿਨ੍ਹਾਂ ਦਾ ਲੋਕਾਂ ਨੂੰ ਸਮਰਥਨ ਕਰਨਾ ਪਵੇਗਾ।ਕੈਪਟਨ ਅਮਰਿੰਦਰ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਮੌਜੂਦਾ ਹਾਲਾਤਾਂ ਤੋਂ ਸਫਲਤਾਪੂਰਵਕ ਉਭਰਦਿਆਂ, ਸੂਬੇ ਦੇ ਆਰਥਿਕ ਵਿਕਾਸ ਨੂੰ ਮੁੜ ਤੋਂ ਖੜ੍ਹਾ ਕਰੇਗੀ ਤੇ ਉਸ ਨੂੰ ਉਸਦੀ ਅਸਲੀ ਹਾਲਤ ''ਚ ਪਹੁੰਚਾਏਗੀ।
 

Babita Marhas

News Editor

Related News