ਸ਼ਾਹੀ ਸ਼ਹਿਰ ’ਚ ਕੈਪਟਨ ਸਰਕਾਰ ਦੇ ‘ਡਰੀਮ ਪ੍ਰਾਜੈਕਟ’ ਅਜੇ ਵੀ ਅਧੂਰੇ

07/03/2020 10:06:39 AM

ਪਟਿਆਲਾ (ਰਣਜੀਤ, ਬਿਕਰਮਜੀਤ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਜਾ ਰਹੇ ਹਨ ਪਰ ਅਜੇ ਵੀ ਮੁੱਖ ਮੰਤਰੀ ਦੇ ਆਪਣੇ ਹੀ ਸ਼ਹਿਰ ਦੇ ਕਈ ਡਰੀਮ ਪ੍ਰਾਜੈਕਟ ਅਧੂਰੇ ਪਏ ਹਨ। ਭਾਵੇਂ ਇਨ੍ਹਾਂ ਕਰੋੜਾਂ ਰੁਪਏ ਦੇ ਪ੍ਰਾਜੈਕਟ ਦੇ ਮਾਸਟਰ ਪਲਾਨ ਵੀ ਤਿਆਰ ਕਰ ਲਏ ਗਏ ਸਨ ਪਰ ਅਜੇ ਤੱਕ ਇਨ੍ਹਾਂ ’ਤੇ ਕੋਈ ਕਾਰਵਾਈ ਹੁੰਦੀ ਨਹੀਂ ਦਿਖ ਰਹੀ ਹੈ ਅਤੇ ਸਾਰਾ ਮਾਮਲਾ ਠੰਡੇ ਬਸਤੇ 'ਚ ਪਿਆ ਹੈ। ਜੇਕਰ ਇਹ ਹਾਲ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦਾ ਹੈ ਤਾਂ ਬਾਕੀ ਪੰਜਾਬ ਦਾ ਹਾਲ ਕੀ ਹੋਵੇਗਾ, ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਨ੍ਹਾਂ ਵਿਕਾਸ ਕੰਮਾਂ 'ਚ ਡੇਅਰੀ ਪ੍ਰਾਜੈਕਟ, ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਆਧੁਨਿਕ ਬੱਸ ਸਟੈਂਡ, ਕਨਾਲ ਬੇਸਡ ਟਰੀਟਮੈਂਟ ਪਲਾਂਟ, ਸਪੋਰਟਸ ਯੂਨੀਵਰਸਿਟੀ ਵਰਗੇ ਵੱਡੇ ਪ੍ਰਾਜੈਕਟ, ਜਿਨ੍ਹਾਂ ਨੂੰ ਪੂਰਾ ਕਰਨ ਦਾ ਵਾਅਦਾ ਕੈਪਟਨ ਸਰਕਾਰ ਵੱਲੋਂ ਕੀਤਾ ਗਿਆ ਸੀ।

PunjabKesari
ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਠੰਡੇ ਬਸਤੇ 'ਚ
2002 'ਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਮੁੱਚੇ ਸ਼ਹਿਰ ਨੂੰ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਲਾਉਣ ਦੇ ਨਿਰਦੇਸ਼ ਦਿੱਤੇ ਗਏ ਸੀ। ਉਸ ਤੋਂ ਬਾਅਦ ਲਗਾਤਾਰ ਦਰਜਨਾਂ ਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਰ ਨਿਗਮ ਨੂੰ ਨਿਰਦੇਸ਼ ਜਾਰੀ ਕੀਤੇ ਗਏ ਪਰ ਲੰਬਾ ਅਰਸਾ ਲੰਘ ਜਾਣ ਉਪਰੰਤ ਵੀ ਇਹ ਪ੍ਰਾਜੈਕਟ ਨਹੀਂ ਸ਼ੁਰੂ ਹੋ ਸਕਿਆ। ਇਸ ਸਬੰਧੀ ਕਈ ਵਾਰ ਜਗ੍ਹਾ ਵੀ ਫਾਈਨਲ ਹੋਈ ਪਰ ਪ੍ਰਾਜੈਕਟ ਅਜੇ ਵੀ ਉਥੇ ਹੀ ਖੜ੍ਹਾ ਹੈ। ਨਗਰ ਨਿਗਮ ਵੱਲੋਂ ਪਿੰਡ ਦੁੱਧੜ 'ਚ ਕਈ ਏਕੜ ਜ਼ਮੀਨ ਖਰੀਦੀ ਗਈ ਸੀ, ਜਿਸ ਦਾ ਠੇਕਾ ਨਗਰ ਨਿਗਮ ਵੱਲੋਂ ਪੰਚਾਇਤ ਨੂੰ ਦਿੱਤਾ ਜਾ ਰਿਹਾ ਹੈ ਪਰ ਪ੍ਰਾਜੈਕਟ ਲੋਕਾਂ ਦੀਆਂ ਉਮੀਦਾਂ ਤੋਂ ਕੋਹਾਂ ਦੂਰ ਹੈ।
ਡੇਅਰੀ ਪ੍ਰਾਜੈਕਟ ਸਬੰਧੀ ਪਲਾਨਿੰਗ ਹੋਈ, ਕੰਮ ਨਹੀਂ
2002 ਤੋਂ ਲੈ ਕੇ 2007 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਅਤੇ ਡੇਅਰੀ ਪ੍ਰਾਜੈਕਟ ਦਾ ਉਦਘਾਟਨ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਸ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਸੱਤਾ 'ਚ ਆਈ ਅਤੇ 10 ਸਾਲ ਰਾਜ ਕੀਤਾ। ਇਸ ਸਰਕਾਰ 'ਚ ਵੀ ਇਸ ਪ੍ਰਾਜੈਕਟ ’ਤੇ ਕੋਈ ਕੰਮ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣੀ ਅਤੇ ਇਸ ਦੇ ਵੀ ਚਾਰ ਸਾਲ ਲੰਘਣ ਵਾਲੇ ਹਨ, ਅਜੇ ਵੀ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਕੀਤੇ ਜਾਣ ਦੀ ਉਡੀਕ ਲੋਕ ਕਰ ਰਹੇ ਹਨ। ਡੇਅਰੀਆਂ ਕਾਰਣ ਹੀ ਸ਼ਹਿਰ ਦੀਆਂ ਜ਼ਿਆਦਾਤਰ ਨਾਲੀਆਂ 'ਚ ਕੂੜਾ ਫਸਿਆ ਰਹਿੰਦਾ ਹੈ ਅਤੇ ਨਾਲੀਆਂ-ਸੀਵਰੇਜ਼ ਅਕਸਰ ਹੀ ਜਾਮ ਹੋ ਜਾਂਦੇ ਹਨ।
ਨਹੀਂ ਬਣ ਸਕਿਆ ਆਧੁਨਿਕ ਬੱਸ ਅੱਡਾ
ਪਟਿਆਲਾ ਸ਼ਹਿਰ ਦਾ ਜੋ ਮੌਜੂਦਾ ਬੱਸ ਅੱਡਾ ਹੈ, ਉਹ ਬੱਸਾਂ ਦੀ ਗਿਣਤੀ ਦੇ ਹਿਸਾਬ ਨਾਲ ਕਾਫੀ ਛੋਟਾ ਹੈ ਅਤੇ ਸ਼ਹਿਰ ਦੇ 'ਚ ਸਥਿਤ ਹੋਣ ਕਾਰਣ ਇਸ ਦੇ ਆਲੇ-ਦੁਆਲੇ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਹੈ। ਸ਼ਹਿਰ ਤੋਂ ਬਾਹਰ ਆਧੁਨਿਕ ਬੱਸ ਅੱਡਾ ਬਣਾਉਣ ਦੀ ਮੰਗ ਪੂਰੀ ਹੁੰਦੀ ਨਹੀਂ ਦਿਖ ਰਹੀ ਹੈ। ਨਵੇਂ ਬੱਸ ਅੱਡੇ ਲਈ ਜ਼ਮੀਨ ਦੀ ਜੋ ਦਿੱਕਤ ਸੀ ਉਹ ਭਾਵੇਂ ਹੁਣ ਹੱਲ ਹੋ ਗਈ ਹੈ ਪਰ ਇਸ ਪ੍ਰਾਜੈਕਟ ’ਤੇ ਵੀ ਕੈਪਟਨ ਸਰਕਾਰ ਕੋਈ ਕੰਮ ਸ਼ੁਰੂ ਨਹੀਂ ਕਰ ਸਕੀ ਹੈ।
ਕਨਾਲ ਬੇਸਡ ਟਰੀਟਮੈਂਟ ਪਲਾਂਟ ਵੀ ਐਲਾਨ ਤਕ ਸੀਮਿਤ
ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਕਨਾਲ ਬੇਸਡ ਟਰੀਟਮੈਂਟ ਪਲਾਂਟ ’ਤੇ ਵੀ ਕੈਪਟਨ ਸਰਕਾਰ ਵੱਲੋਂ ਕਈ ਵਾਰ ਐਲਾਨ ਹੋਏ, ਯੋਜਨਾਵਾਂ ਬਣਾਈਆਂ ਗਈਆਂ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ। ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਇਸ ਪਲਾਂਟ ਸਬੰਧੀ ਕਈ ਵਾਰ ਐਲਾਨ ਕੀਤੇ ਗਏ ਅਤੇ 10 ਸਾਲ ਬਾਅਦ ਜਦੋਂ ਕੈਪਟਨ ਸਰਕਾਰ ਆਈ ਤਾਂ ਉਹ ਵੀ ਯੋਜਨਾਵਾਂ ਬਣਾਉਣ ਤੱਕ ਸੀਮਿਤ ਰਹਿ ਗਈ। ਇਸ ਸਬੰਧੀ ਫਾਈਲਾਂ ਆਫਿਸਾਂ 'ਚ ਧੂੜ ਚੱਟ ਰਹੀਆਂ ਹਨ।
 


Babita

Content Editor

Related News