ਕੈਪਟਨ ਨੇ ਟਾਡਾ ਕੈਦੀ ਦੀ ਰਿਹਾਈ ਲਈ ਕਰਨਾਟਕਾ ਸਰਕਾਰ ਤੋਂ ਕੀਤੀ ਮੰਗ

Thursday, Jul 19, 2018 - 02:30 PM (IST)

ਕੈਪਟਨ ਨੇ ਟਾਡਾ ਕੈਦੀ ਦੀ ਰਿਹਾਈ ਲਈ ਕਰਨਾਟਕਾ ਸਰਕਾਰ ਤੋਂ ਕੀਤੀ ਮੰਗ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਹਿਸ਼ਤਗਰਦ ਗੁਰਦੀਪ ਸਿੰਘ ਖੇੜਾ ਨੂੰ ਉਸ ਦੇ ਚੰਗੇ ਰਵੱਈਏ ਦੇ ਆਧਾਰ 'ਤੇ ਅਗਾਊਂ ਰਿਹਾਅ ਕਰਨ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕਾ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੂੰ ਖੇੜਾ ਦਾ ਕੇਸ ਹਮਦਰਦੀ ਦੇ ਆਧਾਰ 'ਤੇ ਵਿਚਾਰਨ ਲਈ ਕਿਹਾ ਹੈ। ਖੇੜਾ ਨੂੰ ਸਾਲ 2015 'ਚ ਕਰਨਾਟਕਾ ਦੀ ਗੁਲਬਰਗ ਜੇਲ ਤੋਂ ਅੰਮ੍ਰਿਤਸਰ ਕੇਂਦਰੀ ਜੇਲ 'ਚ ਤਬਦੀਲ ਕੀਤਾ ਗਿਆ ਸੀ, ਜੋ ਇੱਥੇ ਦੁਹਰੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੀਪ ਸਿੰਘ ਉਰਫ ਦੀਪ ਪੁੱਤਰ ਬੰਤਾ ਸਿੰਘ ਦੇ ਮਾਮਲੇ ਨੂੰ ਵਿਚਾਰਨ ਲਈ ਕਰਨਾਟਕਾ ਦੇ ਜੇਲ ਵਿਭਾਗ ਨੂੰ ਸਲਾਹ ਦੇਣ ਵਾਸਤੇ ਕੁਮਾਰਸਵਾਮੀ ਦੇ ਸਹਿਯੋਗ ਦੀ ਮੰਗ ਕੀਤੀ ਹੈ। ਖੇੜਾ ਦਿੱਲੀ ਤੇ ਬਿਦਰ ਬੰਬ ਧਮਾਕਿਆਂ ਦੇ ਮਾਮਲਿਆਂ 'ਚ ਦੋਸ਼ੀ ਸਿੱਧ ਹੋਣ ਤੋਂ ਬਾਅਦ ਆਈ. ਪੀ. ਸੀ. ਤੇ ਟਾਡਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਪਿਛਲੇ 25 ਸਾਲਾਂ ਤੋਂ ਸਜ਼ਾ ਭੁਗਤ ਰਿਹਾ ਹੈ। 
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੁੱਪ ਪੁੱਤਰ ਤਾਰਾ ਸਿੰਘ ਨੂੰ ਕੇਂਦਰੀ ਜੇਲ ਜੈਪੁਰ ਤੋਂ ਪੰਜਾਬ ਦੀ ਕਿਸੇ ਵੀ ਢੁੱਕਵੀਂ ਜੇਲ 'ਚ ਸ਼ਿਫਟ ਕਰਨ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ੁਵਸੁੰਧਰਾ ਰਾਜੇ ਨੂੰ ਵੀ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਰਾਜਸਥਾਨ ਦੇ ਪੁਲਸ ਮੁਖੀ ਨੇ ਇਸ ਸਾਲ ਜੂਨ ਮਹੀਨੇ 'ਚ ਗ੍ਰਹਿ ਵਿਭਾਗ ਨੂੰ ਆਪਣੀ ਸਿਫਾਰਿਸ਼ ਪਹਿਲਾਂ ਹੀ ਭੇਜੀ ਹੋਈ ਹੈ ਤੇ ਅੰਤਿਮ ਪ੍ਰਵਾਨਗੀ ਦੀ ਉਡੀਕ ਹੈ।
 


Related News