''ਕੈਪਟਨ'' ਦਾ ਬਿਜਲੀ ਸਮਝੌਤਿਆਂ ਬਾਰੇ ''ਆਪ'' ਤੇ ਅਕਾਲੀ ਦਲ ਨੂੰ ਤੱਥਾਂ ਸਮੇਤ ਠੋਕਵਾਂ ਜਵਾਬ
Wednesday, Jul 14, 2021 - 09:03 AM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਕਾਂਗਰਸ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਤੋਂ ਕੋਈ ਫੰਡ ਨਹੀਂ ਲਿਆ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸ਼ਰੇਆਮ ਝੂਠ ਬੋਲ ਰਹੇ ਹਨ। ਅਲਬੱਤਾ, ਵੱਖ-ਵੱਖ ਜਾਅਲੀ ਕੰਪਨੀਆਂ ਵੱਲੋਂ ਇਨ੍ਹਾਂ ਪਾਰਟੀਆਂ ਨੂੰ ਗੈਰ-ਕਾਨੂੰਨੀ ਫੰਡ ਦਿੱਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਕੰਪਨੀਆਂ ਤੋਂ ਪੰਜਾਬ ਕਾਂਗਰਸ ਨੇ ਫੰਡ ਨਹੀਂ ਲਿਆ, ਸਗੋਂ ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਸਾਲ 2009 ਅਤੇ 2014 ਵਿਚ ਫੰਡ ਲਏ ਸਨ ਅਤੇ ਇਨ੍ਹਾਂ ਦਾ ਸੂਬੇ ਦੀ ਮੌਜੂਦਾ ਸਰਕਾਰ ਨਾਲ ਕੋਈ ਸਰੋਕਾਰ ਨਹੀਂ ਹੈ। ਬਿਜਲੀ ਖਰੀਦ ਸਮਝੌਤੇ (ਪੀ. ਪੀ. ਏਜ਼) ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਸਨ ਅਤੇ ਕਾਂਗਰਸ ਸਰਕਾਰ ਬਿਜਲੀ ਸਮਝੌਤਿਆਂ ਦੇ ਬੁਰੇ ਪ੍ਰਭਾਵਾਂ ਨੂੰ ਖ਼ਤਮ ਕਰਨ ਲਈ ਕਾਨੂੰਨੀ ਸੰਭਾਵਨਾਵਾਂ ਲੱਭ ਰਹੀ ਹੈ।
ਇਹ ਵੀ ਪੜ੍ਹੋ : ਆਮਦਨ ਟੈਕਸ ਵਿਭਾਗ ਖ਼ਿਲਾਫ਼ ਹਾਈਕੋਰਟ ਪੁੱਜੇ 'ਨਵਜੋਤ ਸਿੱਧੂ', ਜਾਣੋ ਕੀ ਹੈ ਪੂਰਾ ਮਾਮਲਾ
ਅਕਾਲੀਆਂ ਨੇ 100 ਕਰੋੜ ਦਾ ਫੰਡ ਲਿਆ
ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਅਗਵਾਈ ਵਿਚ ਅਕਾਲੀਆਂ ਨੇ 100 ਕਰੋੜ ਰੁਪਏ ਦਾ ਰਾਜਨੀਤਿਕ ਫੰਡ ਲਿਆ ਅਤੇ ਐਲਾਨ ਸਿਰਫ 13 ਕਰੋੜ ਦਾ ਕੀਤਾ ਅਤੇ ਬਾਕੀ ਫੰਡਾਂ ਨਾਲ ਆਪਣੀਆਂ ਨਿੱਜੀ ਜੇਬਾਂ ਭਰ ਲਈਆਂ। ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਵਲੋਂ ਸਾਲ 2014 ਦੀਆਂ ਚੋਣਾਂ ਦੌਰਾਨ ਲਿਆ ਗਿਆ ਫੰਡ ਪਹਿਲਾਂ ਹੀ ਈ. ਡੀ. ਦੀ ਨਜ਼ਰ ਵਿਚ ਹੈ ਕਿਉਂਕਿ ਇਨ੍ਹਾਂ ਦਾ ਨਾ ਤਾਂ ਕਦੇ ਵੀ ਹਿਸਾਬ-ਕਿਤਾਬ ਕੀਤਾ ਗਿਆ ਅਤੇ ਨਾ ਹੀ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਵੱਲੋਂ FIR ਦਰਜ ਕਰਨ ਦੇ ਹੁਕਮਾਂ ਨੂੰ 'ਬੈਂਸ' ਵੱਲੋਂ ਹਾਈਕੋਰਟ 'ਚ ਚੁਣੌਤੀ
ਕੈਪਟਨ ਨੇ ਕਿਹਾ ਕਿ ਈ. ਡੀ. ਨੇ 50 ਲੱਖ ਰੁਪਏ ਦੇ ਚਾਰ ਚੈੱਕਾਂ ਸਬੰਧੀ ਮਾਮਲਾ ਦਰਜ ਕੀਤਾ ਹੈ, ਜੋ ਸਾਲ 2014 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੂੰ ਕਥਿਤ ਤੌਰ ’ਤੇ ਦਿੱਤੇ ਗਏ ਸਨ। ਬੀਤੇ ਸਾਲ ਦਿੱਲੀ ਪੁਲਸ ਨੇ ਚਾਰ ਕੰਪਨੀਆਂ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਮਾਸੂਮ ਬੱਚੀਆਂ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਾਂ ਨੇ ਹੀ ਖੁਆਈਆਂ ਸੀ ਸਲਫ਼ਾਸ ਦੀਆਂ ਗੋਲੀਆਂ
10 ਸਾਲ ਦੇ ਰਾਜਨੀਤਕ ਫੰਡ ਦਾ ਐਲਾਨ ਕਰਨ ਦੀ ਦਿੱਤੀ ਚੁਣੌਤੀ
ਮੁੱਖ ਮੰਤਰੀ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਬੀਤੇ 10 ਸਾਲਾਂ ਵਿਚ ਆਪਣੇ-ਆਪਣੇ ਰਾਜਨੀਤਿਕ ਫੰਡਾਂ ਦਾ ਐਲਾਨ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਾਅਵਿਆਂ ਅਤੇ ਜਵਾਬੀ-ਦਾਅਵਿਆਂ ਦੇ ਪਿੱਛੇ ਦੀ ਸੱਚਾਈ ਪਤਾ ਲੱਗੇਗੀ। ਉਨ੍ਹਾਂ ਨੇ ਕਿਹਾ, ਸੱਚ ਸਾਹਮਣੇ ਆਉਣ ਦਿਓ ਅਤੇ ਇਸ ਦਾ ਫ਼ੈਸਲਾ ਲੋਕ ਕਰਨ ਕਿ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਧੋਖਾ ਕੌਣ ਦੇ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ