ਪੰਜਾਬ ’ਚ ਉਪ ਮੁੱਖ ਮੰਤਰੀ ਦੀ ਸੰਭਾਵਨਾ ਘੱਟ, ਹਾਈਕਮਾਨ ਦੇ ਪੱਧਰ ’ਤੇ ਨਹੀਂ ਬਣ ਸਕੀ ਸਹਿਮਤੀ

Saturday, Jul 10, 2021 - 08:58 AM (IST)

ਪੰਜਾਬ ’ਚ ਉਪ ਮੁੱਖ ਮੰਤਰੀ ਦੀ ਸੰਭਾਵਨਾ ਘੱਟ, ਹਾਈਕਮਾਨ ਦੇ ਪੱਧਰ ’ਤੇ ਨਹੀਂ ਬਣ ਸਕੀ ਸਹਿਮਤੀ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਚੱਲ ਰਹੇ ਘਮਾਸਾਨ ਨੂੰ ਲੈ ਕੇ ਹੁਣ ਹੌਲੀ-ਹੌਲੀ ਤਸਵੀਰ ਸਾਫ਼ ਹੋ ਰਹੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ ’ਤੇ ਵੱਡੇ ਫੇਰਬਦਲ ਦਾ ਖ਼ਾਕਾ ਤਿਆਰ ਕਰ ਲਿਆ ਗਿਆ ਹੈ। ਬੇਸ਼ੱਕ ਮੰਤਰੀ ਮੰਡਲ ਵਿਚ ਫੇਰਬਦਲ ਹੋ ਸਕਦਾ ਹੈ ਪਰ ਉਪ ਮੁੱਖ ਮੰਤਰੀ ਲਾਉਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਚਰਚਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਕਈ ਸੀਨੀਅਰ ਆਗੂ ਹਨ। ਅਜਿਹੇ ਵਿਚ ਕਿਸੇ ਇਕ ਨੂੰ ਉਪ ਮੁੱਖ ਮੰਤਰੀ ਬਣਾਉਣ ਨਾਲ ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਸ਼ਾਂਤ ਹੋਣ ਦੀ ਥਾਂ ਵੱਧ ਸਕਦਾ ਹੈ। ਇਸ ਲਈ ਫਿਲਹਾਲ ਉਪ ਮੁੱਖ ਮੰਤਰੀ ਅਹੁਦੇ ਨੂੰ ਠੰਡੇ ਬਸਤੇ ’ਚ ਪਾਉਣਾ ਹੀ ਉਚਿਤ ਹੈ। ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਨੇ ਮੁੱਖ ਮੰਤਰੀ ਦੀ ਇਸ ਗੱਲ ’ਤੇ ਹਾਮੀ ਭਰੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਆਖ਼ਰੀ ਫ਼ੈਸਲਾ ਕਾਂਗਰਸ ਹਾਈਕਮਾਨ ਦੇ ਪੱਧਰ ’ਤੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਛੇਤੀ ਹੀ ਪੰਜਾਬ ਵਿਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਹੋ ਸਕਦੀ ਹੈ। ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਸੀ ਕਿ ਦੋ ਉਪ ਮੁੱਖ ਮੰਤਰੀ ਵੀ ਤਾਇਨਾਤ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਇੱਕ ਦਲਿਤ ਵਰਗ ਦੇ ਨੇਤਾ ਨੂੰ ਵੀ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੀਕੈਂਡ ਤੇ ਨਾਈਟ 'ਕਰਫ਼ਿਊ' ਖ਼ਤਮ, ਜਾਣੋ ਕੀ ਨੇ ਨਵੇਂ ਦਿਸ਼ਾ-ਨਿਰਦੇਸ਼
ਅਗਲੀਆਂ ਚੋਣਾਂ ’ਚ ਮੁੱਖ ਮੰਤਰੀ ਦੇ ਹੱਥ ਵਿਚ ਹੀ ਰਹੇਗੀ ਵਾਂਗਡੋਰ
2022 ਦੀਆਂ ਚੋਣਾਂ ਦੀ ਪੂਰੀ ਵਾਂਗਡੋਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੱਥ ਵਿਚ ਹੀ ਰਹੇਗੀ। ਮੁੱਖ ਮੰਤਰੀ ਪੰਜਾਬ ਵਿਚ ਕਾਂਗਰਸ ਦਾ ਚਿਹਰਾ ਹੋਣਗੇ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਦੁਬਾਰਾ ਮੁੱਖ ਮੰਤਰੀ ਚਿਹਰੇ ਨਾਲ ਚੋਣ ਮੈਦਾਨ ਵਿਚ ਉਤਰਨਗੇ। ਇਸ ਤੋਂ ਪਹਿਲਾਂ ਚਰਚਾ ਸੀ ਕਿ ਕਾਂਗਰਸ ਹਾਈਕਮਾਨ ਪੰਜਾਬ ਵਿਚ ਬਿਨ੍ਹਾਂ ਮੁੱਖ ਮੰਤਰੀ ਚਿਹਰੇ ਦੇ ਚੋਣ ਮੈਦਾਨ ’ਚ ਉਤਰ ਸਕਦੀ ਹੈ। ਹਾਲਾਂਕਿ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਮੱਲਿਕਾਰਜੁਨ ਕਮੇਟੀ ਦੇ ਗਠਨ ਦੀ ਪਹਿਲੀ ਬੈਠਕ ਤੋਂ ਬਾਅਦ ਹੀ ਇਨ੍ਹਾਂ ਚਰਚਾਵਾਂ ਨੂੰ ਨਕਾਰ ਦਿੱਤਾ ਸੀ। ਇਹ ਵੱਖ ਗੱਲ ਹੈ ਕਿ ਸਿੱਧੂ ਵੱਲੋਂ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਤੋਂ ਬਾਅਦ ਦੁਬਾਰਾ ਮੁੱਖ ਮੰਤਰੀ ਤੋਂ ਬਿਨਾਂ ਚੋਣ ਲੜਨ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਸੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਹੁਣ ਸਾਰੀ ਉਮਰ ਰਹੇਗੀ 'PSTET' ਸਰਟੀਫਿਕੇਟ ਦੀ ਮਿਆਦ, ਅੱਜ ਤੋਂ ਜਾਰੀ ਹੋਏ ਹੁਕਮ
ਸਿੱਧੂ ਸਿਰਫ਼ ਕੰਪੇਨ ਕਮੇਟੀ ਦੇ ਚੇਅਰਮੈਨ
ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਸਿਰਫ਼ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਲਾਉਣ ’ਤੇ ਵੀ ਸਹਿਮਤੀ ਬਣ ਸਕੀ ਹੈ। ਹਾਲਾਂਕਿ ਪ੍ਰਿਯੰਕਾ ਗਾਂਧੀ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ ’ਤੇ ਅਹਿਮ ਜ਼ਿੰਮੇਵਾਰੀ ਦੇਣ ਦੇ ਪੱਖ ਵਿਚ ਸਨ ਪਰ ਲਗਾਤਾਰ ਮੰਥਨ ਤੋਂ ਬਾਅਦ ਵੀ ਸਿੱਧੂ ਨੂੰ ਕਮੇਟੀ ਦੇ ਪੱਧਰ ’ਤੇ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਲਾਉਣ ’ਤੇ ਸਹਿਮਤੀ ਨਹੀਂ ਬਣ ਸਕੀ ਹੈ। ਸਿੱਧੂ ਨੂੰ ਉਪ ਮੁੱਖ ਮੰਤਰੀ ਤਾਇਨਾਤ ਕੀਤੇ ਜਾਣ ਦੇ ਕਿਆਸ ਵੀ ਲਾਏ ਜਾ ਰਹੇ ਸਨ ਪਰ ਇਸ ’ਤੇ ਵੀ ਕੋਈ ਸਹਿਮਤੀ ਨਹੀਂ ਬਣ ਸਕੀ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ 'ਸ਼ਿਵ ਭਗਤਾਂ' ਲਈ ਜਾਰੀ ਹੋਈ ਐਡਵਾਇਜ਼ਰੀ
18 ਨੁਕਤਿਆਂ ’ਤੇ ਅਮਲ ਨਾਲ ਹਾਈਕਮਾਨ ਸੰਤੁਸ਼ਟ
ਕਿਹਾ ਜਾ ਰਿਹਾ ਹੈ ਕਿ ਮੱਲਿਕਾਰਜੁਨ ਕਮੇਟੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜੋ 18 ਨੁਕਤਿਆਂ ’ਤੇ ਅਮਲ ਕਰਨ ਦਾ ਸੁਝਾਅ ਦਿੱਤਾ ਸੀ, ਉਸ ’ਤੇ ਮੁੱਖ ਮੰਤਰੀ ਨੇ ਕਾਫ਼ੀ ਤੇਜ਼ੀ ਨਾਲ ਅਮਲ ਕੀਤਾ ਹੈ। ਕਾਂਗਰਸ ਹਾਈਕਮਾਨ ਨੇ ਵੀ ਮੁੱਖ ਮੰਤਰੀ ਵੱਲੋਂ ਕੀਤੇ ਗਏ ਕੰਮਾਂ ’ਤੇ ਤਸੱਲੀ ਪ੍ਰਗਟਾਈ ਹੈ। ਹਾਲਾਂਕਿ ਬੇਅਦਬੀ- ਗੋਲੀਕਾਂਡ ਮਾਮਲੇ ਦੀ ਜਾਂਚ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ     


author

Babita

Content Editor

Related News