ਵੱਡੀ ਖ਼ਬਰ : ਪੰਜਾਬ ''ਚ ਡਿਪਟੀ CM ਦਾ ਮੁੱਦਾ ਆਇਆ ਤਾਂ ਕੈਪਟਨ ਚੱਲਣਗੇ ਆਪਣਾ ਪੱਤਾ
Thursday, Jun 03, 2021 - 09:04 AM (IST)
ਜਲੰਧਰ (ਧਵਨ) : ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਤੋਂ ਕਾਂਗਰਸ ਅੰਦਰ ਚੱਲ ਰਹੀ ਖਿੱਚੋਤਾਣ ਨੂੰ ਦੇਖਦਿਆਂ ਜੇ ਆਉਣ ਵਾਲੇ ਦਿਨਾਂ ਵਿਚ ਡਿਪਟੀ ਸੀ. ਐੱਮ. ਬਣਾਉਣ ਦਾ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਉਸ ਹਾਲਤ ’ਚ ਮੁੱਖ ਮੰਤਰੀ ਵੀ ਆਪਣਾ ਪੱਤਾ ਚੱਲਣ ਤੋਂ ਖੁੰਝਣਗੇ ਨਹੀਂ। ਸੂਤਰਾਂ ਅਨੁਸਾਰ ਜੇਕਰ ਨਵਜੋਤ ਸਿੱਧੂ ਨੂੰ ਡਿਪਟੀ ਸੀ. ਐੱਮ. ਬਣਾਉਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਹਾਲਤ ’ਚ ਕੈਪਟਨ ਅਮਰਿੰਦਰ ਸਿੰਘ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪਣੇ ਨੇੜਲੇ ਦਲਿਤ ਵਿਧਾਇਕ ਨੂੰ ਡਿਪਟੀ ਸੀ. ਐੱਮ. ਬਣਾ ਕੇ ਪੰਜਾਬ ਵਿਚ ਸੰਤੁਲਨ ਸਥਾਪਤ ਕਰਨ ਦੀ ਕੋਸ਼ਿਸ਼ ਕਰਨ।
ਹਾਲਾਂਕਿ ਮੁੱਖ ਮੰਤਰੀ ਦੇ ਵਿਰੋਧੀ ਮੰਨੇ ਜਾਂਦੇ ਕੁੱਝ ਦਲਿਤ ਵਿਧਾਇਕਾਂ ਨੇ ਆਪਣੇ ਨਾਂ ਨੂੰ ਡਿਪਟੀ ਸੀ. ਐੱਮ. ਦੇ ਅਹੁਦੇ ਲਈ ਅੱਗੇ ਕੀਤਾ ਹੋਇਆ ਹੈ ਪਰ ਕੈਪਟਨ ਲੋੜ ਪੈਣ ’ਤੇ ਆਪਣੇ ਨੇੜਲੇ ਦਲਿਤ ਵਿਧਾਇਕ ਨੂੰ ਇਸ ਅਹੁਦੇ ’ਤੇ ਬਿਠਾਉਣ ਲਈ ਅੱਗੇ ਆ ਸਕਦੇ ਹਨ, ਜਿਸ ਸਬੰਧੀ ਹਾਈਕਮਾਨ ਵੀ ਉਨ੍ਹਾਂ ਦੀ ਸਿਫਾਰਿਸ਼ ਨੂੰ ਨਜ਼ਰ-ਅੰਦਾਜ਼ ਨਹੀਂ ਕਰੇਗਾ। ਕੈਪਟਨ ਦੀ ਕੋਸ਼ਿਸ਼ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਸੁਨੀਲ ਜਾਖੜ ਬਣੇ ਰਹਿਣ।
ਇਹ ਵੀ ਪੜ੍ਹੋ : ਮੋਹਾਲੀ ਦੇ ਹਸਪਤਾਲ 'ਚ ਬੁਖ਼ਾਰ ਮਗਰੋਂ ਮਰੀਜ਼ ਦੀ ਮੌਤ, ਪਰਿਵਾਰ ਦੇ ਹੱਥ ਫੜ੍ਹਾਇਆ 15 ਲੱਖ ਦਾ ਬਿੱਲ
ਕੈਪਟਨ ਦੇ ਨੇੜਲੇ ਆਗੂ ਵੀ ਕਹਿੰਦੇ ਹਨ ਕਿ ਕੈਪਟਨ ਸਿਆਸਤ ਦੇ ਮਾਹਿਰ ਖਿਡਾਰੀ ਹਨ। ਪਹਿਲਾਂ ਤਾਂ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਉਹ ਆਪਣੀ ਸਹਿਮਤੀ ਆਸਾਨੀ ਨਾਲ ਦੇਣ ਵਾਲੇ ਨਹੀਂ। ਜੇ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਕ ਡਿਪਟੀ ਸੀ. ਐੱਮ. ਉਹ ਆਪਣਾ ਲਵਾ ਕੇ ਪੰਜਾਬ ਦੀ ਜਨਤਾ ਤੇ ਕਾਂਗਰਸੀਆਂ ਨੂੰ ਇਹ ਸੁਨੇਹਾ ਜ਼ਰੂਰ ਦੇਣਗੇ ਕਿ ਉਨ੍ਹਾਂ ਦੀ ਵੀ ਹਾਈਕਮਾਨ ’ਤੇ ਪੂਰੀ ਪਕੜ ਹੈ।
ਇਹ ਵੀ ਪੜ੍ਹੋ : ਉੱਡਣੇ ਸਿੱਖ ਮਿਲਖਾ ਸਿੰਘ ਦੀ ਪਤਨੀ ICU ਵਿੱਚ, ਲਗਾਤਾਰ ਵੱਧਦੀ ਜਾ ਰਹੀ ਆਕਸੀਜਨ ਦੀ ਲੋੜ
ਕਿਹਾ ਜਾ ਰਿਹਾ ਹੈ ਕਿ ਜਿਸ ਦਲਿਤ ਮੰਤਰੀ ਨੇ ਕੈਪਟਨ ਖ਼ਿਲਾਫ਼ ਜ਼ਹਿਰ ਉਗਲਿਆ ਹੈ, ਉਸ ਨੂੰ ਉਹ ਆਸਾਨੀ ਨਾਲ ਮੁਆਫ਼ ਨਹੀਂ ਕਰਨਗੇ ਅਤੇ ਨਾ ਹੀ ਉਸ ਨੂੰ ਇਸ ਅਹੁਦੇ ’ਤੇ ਅੱਗੇ ਆਉਣ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ