''ਕੈਪਟਨ'' ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਕੇ ਬੁਰੇ ਫਸੇ ਕਾਂਗਰਸੀ, ਅਕਾਲੀ ਦਲ ਨੇ ਕੀਤੀ ਇਹ ਮੰਗ
Friday, Mar 26, 2021 - 01:50 PM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ 3 ਸੀਨੀਅਰ ਆਗੂਆਂ ਨੇ ਕਾਂਗਰਸੀ ਆਗੂਆਂ ਵੱਲੋਂ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਸੱਚਮੁੱਚ ਸਿੱਖ ਇਤਿਹਾਸ, ਸਿੱਖ ਪ੍ਰੰਪਰਾਵਾਂ, ਸਿੱਖ ਧਾਰਮਿਕ ਜਜ਼ਬੇ ਅਤੇ ਸਿੱਖ ਮਰਿਆਦਾ ਤੋਂ ਜਾਣੂੰ ਨਹੀਂ ਹਨ? ਜੇ ਤੁਸੀਂ ਖਾਲਸਾ ਪੰਥ ਦੀਆਂ ਮਹਾਨ ਰਵਾਇਤਾਂ ਤੇ ਵਿਲੱਖਣ ਇਤਿਹਾਸ ਬਾਰੇ ਜਾਣੂੰ ਹੋ ਤਾਂ ਫਿਰ ਤੁਸੀਂ ਆਪਣੇ ਪਾਰਟੀ ਦੇ ਚਾਪਲੂਸਾਂ ਦੇ ਮੂੰਹੋਂ ਆਪਣੀ ਬਰਾਬਰੀ ਮਹਾਨ ਗੁਰੂ ਸਾਹਿਬਾਨ ਨਾਲ ਕਿਉਂ ਕਰਵਾ ਰਹੇ ਹੋ? ਕੀ ਮੀਡੀਆ ਵਿਚ ਇਨ੍ਹਾਂ ਬਾਰੇ ਇੰਨੀਆਂ ਵੱਡੀਆਂ ਖ਼ਬਰਾਂ ਆਉਣ ਅਤੇ ਬਵਾਲ ਖੜ੍ਹੇ ਹੋਣ ਤੋਂ ਬਾਅਦ ਵੀ ਤੁਸੀਂ ਇਹ ਦਿਖਾਵਾ ਕਰੋਗੇ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਸਾਥੀ ਕਿਵੇਂ ਤੁਹਾਨੂੰ ਮਹਾਨ ਗੁਰੂ ਸਾਹਿਬਾਨ ਦੇ ਬਰਾਬਰ ਦੱਸ ਰਹੇ ਹਨ? ਉਂਝ ਤੁਸੀਂ ਨਿੱਕੀ-ਮੋਟੀ ਗੱਲ ’ਤੇ ਵੀ ਮੀਡੀਆ ਵਿਚ ਚਲੇ ਜਾਂਦੇ ਹੋ ਪਰ ਇਸ ਅਤਿ-ਸੰਵੇਦਨਸ਼ੀਲ ਮੁੱਦੇ ’ਤੇ ਆਖ਼ਰ ਤੁਸੀਂ ਇਹ ਚੁੱਪੀ ਕਿਉਂ ਧਾਰੀ ਹੋਈ ਹੈ? ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ, ਜੱਥੇਦਾਰ ਤੋਤਾ ਸਿੰਘ ਅਤੇ ਜੱਥੇਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਕੀ ਬਤੌਰ ਸਿੱਖ ਉਹ ਇਹ ਨਹੀਂ ਜਾਣਦੇ ਕਿ ਸਿੱਖ ਇਤਿਹਾਸ ਤੇ ਸਿੱਖੀ ਪ੍ਰੰਪਰਾਵਾਂ ਤੋਂ ਵਾਕਫ਼ ਕੋਈ ਵੀ ਮਨੁੱਖ ਕਦੇ ਵੀ ਆਪਣੀ ਤੁਲਨਾ ਰੱਬੀ ਜੋਤ ਮਹਾਨ ਗੁਰੂ ਨਾਲ ਕਰਨ ਜਾਂ ਕਿਸੇ ਹੋਰ ਦੇ ਮੂੰਹੋਂ ਕਰਵਾਉਣ ਬਾਰੇ ਸੋਚ ਵੀ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਅਜਿਹੀ ਤੁਲਨਾ ਕਰਨਾ ਜਾਂ ਕਰਵਾਉਣਾ ਜਾਂ ਆਪਣੀ ਤੁਲਨਾ ਗੁਰੂ ਸਾਹਿਬਾਨ ਨਾਲ ਹੁੰਦੀ ਸੁਣ ਕੇ ਚੁੱਪ ਰਹਿਣਾ ਤੇ ਇਤਰਾਜ਼ ਨਾ ਕਰਨਾ, ਇਹ ਸਭ ਕੁਝ ਸਿੱਖੀ ਮਰਿਆਦਾ ਅਨੁਸਾਰ ਇਕ ਬੱਜਰ ਪਾਪ ਹੈ। ਸੀਨੀਅਰ ਕਾਂਗਰਸੀ ਆਗੂ ਤੇ ਕੈਪਟਨ ਦੀ ਵਜ਼ਾਰਤ ਵਿਚ ਉਨ੍ਹਾਂ ਦੇ ਸੀਨੀਅਰ ਸਾਥੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੁਣ ਭੋਆ ਤੋਂ ਕਾਂਗਰਸੀ ਐੱਮ. ਐੱਲ. ਏ. ਜੋਗਿੰਦਰ ਪਾਲ ਵੱਲੋਂ ਕੈਪਟਨ ਦੀ ਤੁਲਨਾ ਮਹਾਨ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਕਰਨ ’ਤੇ ਅਕਾਲੀ ਆਗੂ ਆਪਣੀ ਪਾਰਟੀ ਦਾ ਸਖ਼ਤ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ।
ਇਹ ਵੀ ਪੜ੍ਹੋ : 'ਪੰਜਾਬ ਪੁਲਸ' 'ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਹੋਵੇਗੀ ਭਰਤੀ
ਜ਼ਿਕਰਯੋਗ ਹੈ ਕਿ ਜੋਗਿੰਦਰਪਾਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ‘‘ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਂਗ ਦਿਲ ਦਾ ਸੱਚਾ ਇਨਸਾਨ ਕਿਹਾ ਸੀ।’’ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਵੱਲੋਂ ਫੌਰੀ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਉਹ ਇਸ ਮਾਮਲੇ ਨੂੰ ਧਾਰਮਿਕ ਪੱਧਰ ’ਤੇ ਉਠਾਉਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖੀ ਮਾਣ-ਮਰਿਆਦਾ ਅਤੇ ਮਹਾਨ ਗੁਰੂ ਸਾਹਿਬਾਨ ਪ੍ਰਤੀ ਇੰਨੀ ਲਾਪਰਵਾਹੀ ਦਿਖਾਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੰਦ ਦਾ ਅਸਰ, ਬਜ਼ਾਰਾਂ ਤੇ ਸੜਕਾਂ 'ਤੇ ਪੱਸਰਿਆ ਸੰਨਾਟਾ (ਤਸਵੀਰਾਂ)
ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਕਿ ਉਨ੍ਹਾਂ ਦੇ ਚੇਲਿਆਂ ਵੱਲੋਂ ਕੀਤੀ ਗਈ ਇੰਨੀ ਵੱਡੀ ਭੁੱਲ ਉੱਤੇ ਉਹ ਅਜੇ ਤੱਕ ਚੁੱਪੀ ਕਿਉਂ ਧਾਰਨ ਕਰੀ ਬੈਠੇ ਹਨ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਫੌਰਨ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਅਤੇ ਦੋਸ਼ੀ ਆਗੂਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਨਹੀਂ ਤਾਂ ਉਹ ਖਾਲਸਾ ਪੰਥ ਦੇ ਰੋਹ ਦਾ ਟਾਕਰਾ ਕਰਨ ਲਈ ਤਿਆਰ ਰਹਿਣ।
ਨੋਟ : ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਨ ਦੇ ਮੁੱਦੇ ਬਾਰੇ ਤੁਹਾਡੀ ਕੀ ਹੈ ਰਾਏ?