ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ
Tuesday, Jul 28, 2020 - 08:35 AM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਸਿਪਾਹੀਆਂ ਸਤਵਿੰਦਰ ਸਿੰਘ ਅਤੇ ਲਖਵੀਰ ਸਿੰਘ ਦੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਇਨ੍ਹਾਂ ਦੋਵਾਂ ਸਿਪਾਹੀਆਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ 22 ਜੁਲਾਈ, 2020 ਨੂੰ ਸ਼ਹਾਦਤ ਦਿੱਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਦੇਸ਼ ਲਈ ਅੰਨਦਾਤਾ ਬਣਿਆ 'ਪੰਜਾਬ', ਦੂਜੇ ਸੂਬਿਆਂ ਨੂੰ ਭੇਜੇ ਕਣਕ ਤੇ ਚੌਲ
ਮੁੱਖ ਮੰਤਰੀ ਨੇ ਇਨ੍ਹਾਂ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਇਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਹ ਦੋਵੇਂ ਸਿਪਾਹੀ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਨੇੜੇ 22 ਜੁਲਾਈ ਨੂੰ ਗਸ਼ਤ ਕਰ ਰਹੀ ਟੁਕੜੀ ਦਾ ਹਿੱਸਾ ਸਨ। ਬੇਹੱਦ ਉਚਾਈ 'ਤੇ ਵਗਦੇ ਇੱਕ ਤੇਜ਼ ਰਫ਼ਤਾਰ ਨਾਲੇ 'ਤੇ ਬਣੇ ਲੱਕੜਾਂ ਦੇ ਪੁਲ ਨੂੰ ਪਾਰ ਕਰਦੇ ਸਮੇਂ ਇਹ ਦੋਵੇਂ ਹੇਠਾਂ ਡਿੱਗ ਪਏ ਅਤੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਇਲਾਜ ਲਈ ਨਿੱਜੀ ਹਸਪਤਾਲ ਵੀ ਲੈ ਸਕਣਗੇ 'ਪਲਾਜ਼ਮਾ'
ਸਿਪਾਹੀ ਸਤਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਤਾ ਲਾਉਣ ਲਈ ਤਲਾਸ਼ ਅਜੇ ਜਾਰੀ ਹੈ, ਜਦੋਂ ਕਿ ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਮਿਲ ਗਈ। ਸਿਪਾਹੀ ਲਖਵੀਰ ਸਿੰਘ ਮੋਗਾ ਜ਼ਿਲ੍ਹੇ ਦੀ ਬਾਘਾਪੁਰਾਣਾ ਤਹਿਸੀਲ ਦੇ ਪਿੰਡ ਡੇਮਰੂ ਖੁਰਦ ਦੇ ਵਾਸੀ ਸਨ ਅਤੇ ਆਪਣੇ ਪਿੱਛੇ ਆਪਣੀ ਪਤਨੀ ਨਮਦੀਪ ਕੌਰ ਛੱਡ ਗਏ ਹਨ। ਸਿਪਾਹੀ ਸਤਵਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਤਨਾ ਦੇ ਰਹਿਣ ਵਾਲੇ ਸਨ ਅਤੇ ਆਪਣੇ ਪਿੱਛੇ ਆਪਣੇ ਮਾਤਾ-ਪਿਤਾ ਛੱਡ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਧਰਤੀ 'ਚ ‘ਜ਼ਹਿਰੀਲੇ ਟੀਕੇ’ ਦੇ ਪੁਖ਼ਤਾ ਸਬੂਤ, ਕੇਂਦਰੀ ਰਿਪੋਰਟ ’ਚ ਹੋਇਆ ਖੁਲਾਸਾ