ਕੈਪਟਨ ਵਲੋਂ ਮੋਦੀ ਨੂੰ ''ਲਾਕ ਡਾਊਨ'' ਵਧਾਉਣ ਦੀ ਸਲਾਹ, ਕਿਸਾਨਾਂ ਤੇ ਗਰੀਬਾਂ ਲਈ ਮੰਗੀ ਮਦਦ
Saturday, Apr 11, 2020 - 02:35 PM (IST)
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਿੱਸਾ ਲਿਆ। ਉਨ੍ਹਾਂ ਵੀਡੀਓ ਕਾਨਫਰੰਸਿੰਗ 'ਤੇ ਗੱਲਬਾਤ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਲਾਕ ਡਾਊਨ ਵਧਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਟੈਸਟਿੰਗ ਸਹੂਲਤਾਂ ਨੂੰ ਹੋਰ ਵਧਾਉਣ ਲਈ ਕਿਹਾ।
ਇਹ ਵੀ ਪੜ੍ਹੋ : ਕੈਪਟਨ ਦਾ ਵੱਡਾ ਐਲਾਨ : 30 ਜੂਨ ਤੱਕ ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ
ਕੈਪਟਨ ਵਲੋਂ ਇਸ ਚੁਣੌਤੀ ਪੂਰਨ ਸਮੇਂ 'ਚ ਕਿਸਾਨਾਂ ਲਈ ਬੋਨਸ ਦੇ ਨਾਲ-ਨਾਲ ਗਰੀਬਾਂ ਦੀ ਸਹਾਇਤਾ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਉਦਯੋਗਿਕ ਕਰਜ਼ਿਆਂ 'ਤੇ 6 ਮਹੀਨਿਆਂ ਦੀ ਵਸੂਲੀ, ਵਿਆਜ ਅਤੇ ਜ਼ੁਰਮਾਨੇ ਮੁਆਫ ਕਰਨ ਦੀ ਅਪੀਲ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੇ ਜਲਦੀ ਵਿਕਾਸ ਲਈ 500 ਕਰੋੜ ਰੁਪਏ ਮੰਗੇ। ਇਸ ਦੇ ਨਾਲ ਹੀ ਕੈਪਟਨ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਨੂੰ ਅਮਰਜੈਂਸੀ ਰਾਹਤ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਵੀ ਮੰਗੀ। ਮੋਦੀ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਰਾਹੀਂ ਕੈਪਟਨ ਨੇ ਇਸ ਸੰਕਟ ਦੀ ਘੜੀ 'ਚ ਸ਼ਾਨਦਾਰ ਕੰਮ ਕਰ ਰਹੇ ਪੁਲਸ ਮੁਲਾਜ਼ਮਾਂ, ਸੈਨੀਟੇਸ਼ਨ, ਕਰਮਚਾਰੀਆਂ ਅਤੇ ਹੋਰ ਸਾਰੇ ਕਰਮਚਾਰੀਆਂ ਸਮੇਤ ਸਾਰੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਜੋਖਮ ਬੀਮਾ ਕਰਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਝੰਬਿਆ 'ਪੰਜਾਬ', ਮੌਤਾਂ ਦੇ ਮਾਮਲੇ 'ਚ ਪੂਰੇ ਦੇਸ਼ 'ਚੋਂ ਮੋਹਰੀ
ਪੰਜਾਬ 'ਚ 1 ਮਈ ਤੱਕ ਵਧਾਈ ਗਈ ਕਰਫਿਊ/ਲਾਕ ਡਾਊਨ ਦੀ ਮਿਆਦ
ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਬੀਤੇ ਦਿਨ ਹੀ 14 ਅਪ੍ਰੈਲ ਤੱਕ ਸੂਬੇ 'ਚ ਲਾਏ ਗਏ ਕਰਫਿਊ/ਲਾਕ ਡਾਊਨ ਦੀ ਮਿਆਦ ਵਧਾ ਕੇ 1 ਮਈ ਤੱਕ ਕਰ ਦਿੱਤੀ ਹੈ। ਇਹ ਫੈਸਲਾ ਬੀਤੇ ਦਿਨ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਿਆ ਗਿਆ ਸੀ। ਦੱਸਣਯੋਗ ਹੈ ਕਿ ਪੰਜਾਬ 'ਚ ਹੁਣ ਤੱਕ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 154 ਤੱਕ ਪਹੁੰਚ ਗਈ ਹੈ ਅਤੇ 12 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ।
ਇਹ ਵੀ ਪੜ੍ਹੋ : 17 ਲੱਖ ਤੋਂ ਟੱਪੀ ਕੋਰੋਨਾ ਪੀੜਤਾਂ ਦੀ ਗਿਣਤੀ, ਦੇਸ਼ ਵਿਚ ਵੀ ਹਾਲਾਤ ਚਿੰਤਾਜਨਕ