''ਕੋਰੋਨਾ ਵਾਇਰਸ'' ਨਾਲ ਨਜਿੱਠਣ ਲਈ ਕੈਪਟਨ ਨੇ ਮੋਦੀ ਅੱਗੇ ਰੱਖੀਆਂ ਇਹ ਮੰਗਾਂ

Saturday, Mar 21, 2020 - 09:09 AM (IST)

''ਕੋਰੋਨਾ ਵਾਇਰਸ'' ਨਾਲ ਨਜਿੱਠਣ ਲਈ ਕੈਪਟਨ ਨੇ ਮੋਦੀ ਅੱਗੇ ਰੱਖੀਆਂ ਇਹ ਮੰਗਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਕੋਵਿਡ-19' ਦੇ ਵਧ ਰਹੇ ਖਤਰੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਇਸ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿੱਤੀ ਪੈਕੇਜ ਦੇਣ ਅਤੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਰਟਰੀਆਂ 'ਚ ਟੈਸਟ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਨਾਲ ਮੁਲਕ ਭਰ 'ਚ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਹਿੱਸਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਲਈ ਟੈਸਟ ਵਧਾਉਣ ਦੀ ਫੌਰੀ ਲੋੜ ਹੈ, ਜਿਸ ਲਈ ਕੇਂਦਰ ਸਰਕਾਰ ਨੂੰ ਨਾਮੀਂ ਮੈਡੀਕਲ ਕਾਲਜਾਂ ਅਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਨੂੰ ਫੌਰੀ ਇਜਾਜ਼ਤ ਦੇਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਆਈ. ਸੀ. ਐਮ. ਆਰ. ਨੂੰ ਪੁਸ਼ਟੀ ਹੋ ਚੁੱਕੇ ਕੇਸਾਂ ਦੇ ਨੇੜਲੇ ਸੰਪਰਕ ਵਾਲੇ ਵਿਅਕਤੀਆਂ, ਭਾਵੇਂ ਉਹ ਬਿਨਾਂ ਲੱਛਣਾਂ ਤੋਂ ਹੀ ਹੋਣ, ਦਾ ਟੈਸਟ ਕਰਨ ਦੀ ਵੀ ਆਗਿਆ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹਰ ਰੋਜ਼ ਹੁਣ 50 ਫੀਸਦੀ ਸਟਾਫ ਕਰੇਗਾ ਘਰ ਤੋਂ ਕੰਮ

PunjabKesari
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਵਿਦੇਸ਼ੀ ਉਡਾਨਾਂ 'ਤੇ ਇਕ ਹਫ਼ਤੇ ਲਈ ਲਾਈ ਗਈ ਪਾਬੰਦੀ ਨੂੰ ਤੁਰੰਤ ਦੋ ਹਫ਼ਤੇ ਵਧਾਉਣ ਦੀ ਅਪੀਲ ਕੀਤੀ ਤਾਂ ਕਿ ਪੰਜਾਬ 'ਚ ਐੱਨ. ਆਰ. ਆਈਜ਼ ਦੇ ਲਗਾਤਾਰ ਪ੍ਰਵੇਸ਼ ਨੂੰ ਰੋਕਿਆ ਜਾ ਸਕੇ ਅਤੇ ਸਰਕਾਰ ਨੂੰ ਪੰਜਾਬ 'ਚ ਆ ਚੁੱਕੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਦੇ ਟੈਸਟ ਕਰਨ ਦਾ ਵੀ ਸਮਾਂ ਮਿਲ ਸਕੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਵਿਡ-19 ਦੇ ਮੱਦੇਨਜ਼ਰ ਇਹਤਿਆਤ ਵਜੋਂ ਕੰਮ 'ਤੇ ਨਾ ਜਾ ਸਕਣ ਵਾਲੇ ਨਰੇਗਾ ਕਾਮਿਆਂ ਨੂੰ ਮਿਹਨਤਾਨਾ ਅਦਾ ਕਰਨ ਦੀ ਇਜਾਜ਼ਤ ਦੇਣ ਵੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਸਿਫਾਰਸ਼ ਕੀਤੀ ਕਿ ਖੁਰਾਕ ਸੁਰੱਖਿਆ ਮਿਸ਼ਨ ਦੇ ਤਹਿਤ ਹਰੇਕ ਵਿਅਕਤੀ ਨੂੰ ਪੰਜ ਕਿਲੋ ਵਾਧੂ ਕਣਕ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਨੂੰ ਕੋਵਿਡ-19 ਨਾਲ ਆਰਥਿਕ ਤੌਰ 'ਤੇ ਪੈਣ ਵਾਲੇ ਅਣਸੁਖਾਵੇਂ ਅਸਰ ਨੂੰ ਘਟਾਉਣ ਲਈ ਇਕ ਵਿਆਪਕ ਪ੍ਰਸਤਾਵ ਲਿਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਦੁੱਧ ਦੀ ਸਪਲਾਈ ਜਾਰੀ ਰਹੇਗੀ, ਲੋਕਾਂ ਨੂੰ ਨਹੀਂ ਡਰਨ ਦੀ ਲੋੜ

PunjabKesari

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕੋਵਿਡ-19 ਨਾਲ ਪੈਦਾ ਹੋਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਖਾਸ ਤੌਰ 'ਤੇ ਸਿਹਤ ਵਿਭਾਗ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਲੱਛਣਾਂ ਤੋਂ ਪੀੜਤ ਮਰੀਜ਼ਾਂ ਨੂੰ ਬਿਹਤਰ ਤੇ ਸੰਭਵ ਇਲਾਜ ਮੁਹੱਈਆ ਕਰਵਾਉਣ ਲਈ ਪੁਖਤਾ ਇੰਤਜ਼ਾਮ ਹਨ। ਮੌਜੂਦਾ ਸਥਿਤੀ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿਹਾ ਕਿ ਹੁਣ ਤੱਕ ਤਿੰਨ ਕੇਸ ਪਾਜ਼ੇਟਿਵ ਪਾਏ ਗਏ ਹਨ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ ਜਿਸ ਦੇ ਮਰਨ ਉਪਰੰਤ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। 140 ਟੈਸਟਾਂ ਦੇ ਨਤੀਜਿਆਂ ਵਿੱਚੋਂ ਤਿੰਨ ਕੇਸ ਪਾਜ਼ੇਟਿਵ ਪਾਏ ਗਏ, ਜਦੋਂ ਕਿ 18 ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਵਾਹਗਾ/ਅਟਾਰੀ ਚੈੱਕ ਪੋਸਟ ਅਤੇ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਚੈੱਕ ਪੋਸਟ 'ਤੇ 'ਤੇ 96273 ਮੁਸਾਫਰਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 1454 ਮੁਸਾਫਰਾਂ ਨੂੰ ਘਰਾਂ ਵਿੱਚ ਇਕਾਂਤ 'ਚ ਰੱਖਿਆ ਗਿਆ, 47 ਨੂੰ ਸਰਕਾਰੀ ਤੌਰ 'ਤੇ ਅਤੇ 18 ਨੂੰ ਹਸਪਤਾਲਾਂ ਵਿੱਚ ਇਕਾਂਤਵੱਸ ਰੱਖਿਆ ਗਿਆ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਪੰਜਾਬ ਦਾ ਨਿਗਲਿਆ 900 ਕਰੋੜ ਦਾ ਰੈਵੇਨਿਊ
ਇਸ ਖਤਰਨਾਕ ਵਾਇਰਸ ਦੇ ਮੱਦੇਨਜ਼ਰ ਕਿਸੇ ਵੀ ਅਚਨਚੇਤ ਘਟਨਾ ਨਾਲ ਨਿਪਟਣ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 5 ਮਾਰਚ, 2020 ਨੂੰ ਪੰਜਾਬ ਐਪੀਡੇਮਿਕ ਡਿਜੀਜ਼, ਕੋਵਿਡ-19 ਰੈਗੂਲੇਸ਼ਨਜ਼-2020 ਨੂੰ ਐਪੀਡੇਮਿਕ ਡਿਜੀਜ਼ ਐਕਟ-1897 ਹੇਠ ਨੋਟੀਫਾਈ ਕੀਤਾ ਗਿਆ। ਇਸੇ ਤਰ੍ਹਾਂ ਰੋਜ਼ਾਨਾ ਆਧਾਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਦੀ ਪ੍ਰਧਾਨਗੀ ਹੇਠ ਮੰਤਰੀ ਸਮੂਹ ਦਾ ਗਠਨ ਕੀਤਾ ਗਿਆ। ਮੁੱਖ ਮੰਤਰੀ ਨੇ ਸੂਬਾ ਪੱਧਰ 'ਤੇ ਗਠਿਤ ਕੋਵਿਡ-19 ਮੈਨੇਜਮੈਂਟ ਗਰੁੱਪ ਅਤੇ ਜ਼ਿਲ੍ਹਾ ਪੱਧਰ 'ਤੇ ਵੀ ਕਾਇਮ ਕੀਤੇ ਅਜਿਹੇ ਗਰੁੱਪਾਂ ਦਾ ਜ਼ਿਕਰ ਕੀਤਾ ਤਾਂ ਕਿ ਹਾਲਾਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਸਕੇ ਕਿਉਂਕਿ ਇਸ ਵਾਇਰਸ ਦਾ ਕਿਸੇ ਵੀ ਤਰ੍ਹਾਂ ਫੈਲਾਅ ਨਾ ਹੋਣ ਦਿੱਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਵਿਦੇਸ਼ਾਂ ਤੋਂ ਆਏ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਅਤੇ ਅਜਿਹੇ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਤਾਂ ਕਿ ਇਕ ਥਾਂ ਤੋਂ ਦੂਜੀ ਥਾਂ ਪਹੁੰਚਣ ਦੀ ਕੜੀ ਨੂੰ ਤੋੜਿਆ ਜਾ ਸਕੇ।
ਸ਼ੱਕੀ ਜਾਂ ਲੱਛਣ ਵਾਲੇ ਲੋਕਾਂ ਨੂੰ ਵੱਖਰੇ ਤੌਰ 'ਤੇ ਰੱਖਣ ਲਈ ਕੀਤੇ ਇੰਤਜ਼ਾਮਾਂ ਬਾਰੇ ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਸੰਖੇਪ ਵਿੱਚ ਦੱਸਿਆ ਕਿ ਇਕਾਂਤ ਵਿੱਚ ਰੱਖਣ ਲਈ 16,890 ਬੈੱਡ ਰੱਖੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਵੱਖਰੇ ਤੌਰ 'ਤੇ ਰੱਖਣੀ ਲਈ 2800 ਬੈੱਡਾਂ ਰੱਖੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ 'ਤੇ 28 ਵੈਂਟੀਲੇਟਰਾਂ ਦਾ ਬੰਦੋਬਸਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ 14 ਜ਼ਿਲ੍ਹਾ ਹਸਪਤਾਲਾਂ ਅਤੇ 14 ਸਰਕਾਰੀ ਮੈਡੀਕਲ ਕਾਲਜ ਹਨ। ਕੋਵਿਡ-19 ਨਾਲ ਸਥਿਤੀ ਹੋਰ ਭਿਆਨਕ ਹੋਣ ਨੂੰ ਟਾਲਣ ਲਈ ਇਹਤਿਆਤ ਵਜੋਂ ਚੁੱਕੇ ਕਦਮਾਂ ਦੇ ਤੌਰ 'ਤੇ ਸਾਰੀਆਂ ਵਿਦਿਅਕ ਸੰਸਥਾਵਾਂ (ਸਰਕਾਰੀ ਅਤੇ ਪ੍ਰਾਈਵੇਟ) ਨੂੰ 31 ਮਾਰਚ, 2020 ਤੱਕ ਬੰਦ ਕੀਤਾ ਗਿਆ ਅਤੇ ਸੂਬੇ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਵੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਸਾਰੇ ਮਾਲ, ਰੈਸਟੋਰੈਂਟ, ਸਿਨੇਮਾ ਹਾਲ, ਜਿੰਮ, ਸਵਿੰਮਿੰਗ ਪੂਲ, ਮੈਰਿਜ ਪੈਲੇਸ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਕੱਲ ਤੋਂ 50 ਰੂਟਾਂ 'ਤੇ ਚੱਲਣਗੀਆਂ ਬੱਸਾਂ, ਪੰਜਾਬ ਸਰਕਾਰ ਨੇ ਬਦਲਿਆ ਫੈਸਲਾ

ਇਸੇ ਤਰ੍ਹਾਂ ਖੇਡ ਸਮਾਗਮਾਂ, ਕਾਨਫਰੰਸਾਂ, ਸੱਭਿਆਚਾਰਕ ਸਮਾਗਮਾਂ, ਮੇਲਿਆਂ ਅਤੇ ਨੁਮਾਇਸ਼ਾਂ ਲਾਉਣ 'ਤੇ ਵੀ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਹੈ। ਸਮਾਜਿਕ, ਧਾਰਮਿਕ ਤੇ ਸਿਆਸੀ ਇਕੱਠਾਂ ਵਿੱਚ ਵੱਧ ਤੋਂ ਵੱਧ 20 ਵਿਅਕਤੀਆਂ ਹਾਜ਼ਰ ਹੋਣ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਇਸੇ ਤਰ੍ਹਾਂ ਸੀਆਰ.ਪੀ.ਸੀ. ਦੀ ਧਾਰਾ 144 ਹੇਠ ਹੁਕਮ ਜਾਰੀ ਮੈਕਸੀ ਕੈਬ/ਮੋਟਰ ਕੈਬ ਨੂੰ ਛੱਡ ਕੇ ਈ-ਰਿਕਸ਼ੇ ਅਤੇ ਆਟੋ ਰਿਕਸ਼ੇ ਸਮੇਤ ਜਨਕਤ ਸੇਵਾਵਾਂ ਵਾਲੇ ਵਾਹਨ ਚਲਾਉਣ 'ਤੇ 31 ਮਾਰਚ, 2020 ਤੱਕ ਪਾਬੰਦੀ ਲਾ ਦਿੱਤੀ ਹੈ। ਸਰਕਾਰੀ ਦਫ਼ਤਰਾਂ ਅਤੇ ਜਨਤਕ ਥਾਵਾਂ 'ਤੇ ਗੈਰ-ਜ਼ਰੂਰੀ ਨਾ ਆਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਸਰਕਾਰ ਨੇ ਸਾਰੇ ਧਰਾਮਿਕ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਰਧਾਲੂਆਂ ਨੂੰ ਸਮਾਜਿਕ ਦੂਰੀ ਬਣਾਉਣ ਅਤੇ ਸਿਹਤ ਸੁਰੱਖਿਆ ਸਬੰਧੀ ਸਰਕਾਰ ਦੇ ਆਦੇਸ਼ਾਂ ਨੂੰ ਅਪਨਾਉਣ ਲਈ ਕਹਿਣ।



 


author

Babita

Content Editor

Related News