ਬੱਸ ਕਿਰਾਏ ''ਚ ਰਿਆਇਤ ਪਿੱਛੋਂ ਹੁਣ ਮਾਨਸੂਨ ਸੈਸ਼ਨ ''ਚ ਬਿਜਲੀ ਤੇ ਹੋਰ ਮੁੱਦਿਆਂ ''ਤੇ ਅਹਿਮ ਫੈਸਲੇ ਸੰਭਵ

03/05/2020 11:20:47 AM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਲਈ ਬੱਸ ਕਿਰਾਏ 'ਚ 50 ਫੀਸਦੀ ਦੀ ਛੋਟ ਦੇਣ ਪਿੱਛੋਂ ਹੁਣ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਰਕਾਰ ਵੱਲੋਂ ਕਈ ਹੋਰ ਅਹਿਮ ਐਲਾਨ ਕੀਤੇ ਜਾਣਗੇ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਮੁਤਾਬਕ ਵਰਖਾ ਰੁੱਤ ਸਮਾਗਮ ਦੌਰਾਨ ਜਿੱਥੇ ਸਾਬਕਾ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ਸਬੰਧੀ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇਗਾ, ਉਥੇ ਹੀ ਦੂਜੇ ਪਾਸੇ ਬਿਜਲੀ ਦੀਆਂ ਦਰਾਂ ਅਤੇ ਕਈ ਹੋਰ ਅਹਿਮ ਮੁੱਦਿਆਂ ਸਬੰਧੀ ਵੱਡੇ ਐਲਾਨ ਹੋ ਸਕਦੇ ਹਨ। ਇਸ ਸਬੰਧੀ ਮੁੱਖ ਮੰਤਰੀ ਦੇ ਦਫਤਰ ਵੱਲੋਂ ਕੰਮਕਾਜ ਕੀਤਾ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਦਿਨ ਪਹਿਲਾਂ ਸੂਬਾਈ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਸਮਝੌਤਿਆਂ ਸਬੰਧੀ ਵ੍ਹਾਈਟ ਪੇਪਰ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ। ਦੱਸਿਆ ਜਾਂਦਾ ਹੈ ਕਿ ਸਰਕਾਰ ਹੌਲੀ-ਹੌਲੀ ਇਸ ਸਬੰਧੀ ਆਪਣੇ ਕਦਮ ਵਧਾ ਰਹੀ ਹੈ। ਵ੍ਹਾਈਟ ਪੇਪਰ 'ਚ ਇਹ ਦੱਸਿਆ ਜਾਏਗਾ ਕਿ ਬਿਜਲੀ ਦੇ ਗਲਤ ਸਮਝੌਤਿਆਂ ਕਾਰਨ ਪੰਜਾਬ ਦੇ ਲੋਕਾਂ 'ਤੇ ਕਿੰਨਾ ਜ਼ਿਆਦਾ ਭਾਰ ਪਿਆ ਹੈ। ਵ੍ਹਾਈਟ ਪੇਪਰ ਰਾਹੀਂ ਬਿਜਲੀ ਸਮਝੌਤਿਆਂ ਸਬੰਧੀ ਪੂਰੀ ਜ਼ਿੰਮੇਵਾਰੀ ਸਾਬਕਾ ਸਰਕਾਰ 'ਤੇ ਸੁੱਟੀ ਜਾਵੇਗੀ।

ਮੁੱਖ ਮੰਤਰੀ ਦੇ ਦਫਤਰ ਮੁਤਾਬਕ ਆਉਣ ਵਾਲੇ ਸਮੇਂ 'ਚ ਬਿਜਲੀ ਦੀਆਂ ਦਰਾਂ ਵਿਚ ਕਮੀ ਲਿਆਉਣ ਸਬੰਧੀ ਅਮਰਿੰਦਰ ਸਿੰਘ ਵੱਲੋਂ ਇਕ ਪ੍ਰਸਤਾਵ 'ਤੇ ਵਿਚਾਰ ਕੀਤਾ ਜਾਏਗਾ ਪਰ ਸਰਕਾਰ ਤੁਰੰਤ ਵੱਡੇ ਕਦਮ ਨਹੀਂ ਚੁੱਕਣਾ ਚਾਹੁੰਦੀ। ਸਰਕਾਰ ਹੌਲੀ-ਹੌਲੀ ਲੋਕਾਂ 'ਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੀ ਹੈ, ਇਸੇ ਲਈ ਅਹਿਮ ਐਲਾਨ ਵੱਖ-ਵੱਖ ਪੜਾਵਾਂ 'ਚ ਕੀਤੇ ਜਾਣਗੇ। ਬਜਟ ਸਮਾਗਮ 'ਚ ਸਰਕਾਰ ਨੇ ਜਿਥੇ ਲੋਕ ਆਯੁਕਤ, ਸਿੱਖਿਆ ਅਤੇ ਸਿਹਤ ਬਾਰੇ ਵੱਖ-ਵੱਖ ਐਲਾਨ ਕੀਤੇ ਹਨ, ਉਥੇ ਨਾਲ ਹੀ ਔਰਤਾਂ ਲਈ ਸਰਕਾਰੀ ਬੱਸਾਂ 'ਚ 50 ਫੀਸਦੀ ਕਿਰਾਇਆ ਮੁਆਫ ਕਰਨ ਦਾ ਐਲਾਨ ਵੀ ਕੀਤਾ ਹੈ। ਮਾਨਸੂਨ ਸੈਸ਼ਨ 'ਚ ਵੀ ਕੁਝ ਹੋਰ ਅਹਿਮ ਐਲਾਨ ਕੀਤੇ ਜਾਣਗੇ, ਉਦੋਂ ਤੱਕ ਸਰਕਾਰ ਆਪਣੇ ਕਾਰਜਕਾਲ ਦਾ 3 ਸਾਲ ਦਾ ਸਮਾਂ ਪੂਰਾ ਕਰ ਚੁੱਕੀ ਹੋਵੇਗੀ। ਅਗਲਾ ਸਾਲ ਚੋਣ ਸਾਲ ਹੋਵੇਗਾ। ਉਦੋਂ ਤਾਂ ਸਰਕਾਰ ਅਹਿਮ ਐਲਾਨ ਕਰੇਗੀ ਹੀ ਪਰ ਇਸ ਸਾਲ ਵੀ ਸਰਕਾਰ ਵੱਲੋਂ ਕਈ ਐਲਾਨ ਕੀਤੇ ਜਾਣਗੇ।


shivani attri

Content Editor

Related News