ਕੈਪਟਨ ਦੀ ''ਘੋੜਸਵਾਰੀ'' ਖਜ਼ਾਨੇ ''ਤੇ ਪਈ ਭਾਰੀ, ਵੰਡੇ ਕਰੋੜਾਂ ਦੇ ਗੱਫੇ
Friday, Feb 14, 2020 - 09:17 AM (IST)

ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘੋੜਸਵਾਰੀ ਸੂਬੇ ਦੇ ਖਜ਼ਾਨੇ 'ਤੇ ਭਾਰੀ ਪੈ ਗਈ ਹੈ ਕਿਉਂਕਿ ਘੋੜਸਵਾਰੀ ਦੇ ਸ਼ੌਕੀਨ ਕੈਪਟਨ ਨੇ ਸ਼ਾਹੀ ਖੇਡ 'ਪੋਲੋ ਤੇ ਘੋੜ ਸਵਾਰੀ' ਲਈ ਸਰਕਾਰੀ ਖਜ਼ਾਨੇ 'ਚੋਂ ਕਰੋੜਾਂ ਰੁਪਏ ਵੰਡ ਦਿੱਤੇ ਹਨ, ਜਦੋਂ ਕਿ ਸੂਬਾ ਵਿੱਤੀ ਤੰਗੀ ਝੱਲ ਰਿਹਾ ਹੈ। ਕੈਪਟਨ ਨੇ ਵੀ ਬਾਦਲਾਂ ਦੀ ਤਰਜ਼ 'ਤੇ ਆਪਣੇ ਹਲਕੇ ਪਟਿਆਲਾ ਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਵੰਡੇ ਹਨ। ਛੋਟੀਆਂ ਬੱਚਤਾਂ ਵਿਭਾਗ ਤੋਂ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਮਿਲੇ ਵੇਰਵਿਆਂ ਮੁਤਾਬਕ ਛੋਟੀਆਂ ਬੱਚਤਾਂ 'ਚੋਂ ਇਕੱਲੇ ਪਟਿਆਲਾ ਨੂੰ 13.08 ਕਰੋੜ ਰੁਪਏ ਦੇ ਫੰਡ ਕਾਂਗਰਸੀ ਹਕੂਮਤ ਦੌਰਾਨ ਮਿਲੇ ਹਨ।
ਇਨ੍ਹਾਂ 'ਚੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਪਟਿਆਲਾ ਨੂੰ 30.50 ਲੱਖ ਰੁਪਏ ਦਿੱਤੇ ਹਨ। ਮੁੱਖ ਮੰਤਰੀ ਨੇ ਛੋਟੀਆਂ ਬੱਚਤਾਂ ਫੰਡਾਂ 'ਚੋਂ 49.80 ਲੱਖ ਦੇ ਫੰਡ 23 ਫਰਵਰੀ, 2018 ਨੂੰ 'ਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬ' ਨੂੰ ਜਾਰੀ ਕੀਤੇ ਸਨ। ਵੇਰਵਿਆਂ ਮੁਤਾਬਕ ਕੈਪਟਨ ਨੇ 'ਪਟਿਆਲਾ ਘੋੜ ਸਵਾਰ ਅਤੇ ਪੋਲੋ ਅਕੈਡਮੀ' ਨੂੰ 5 ਫਰਵਰੀ, 2019 ਨੂੰ 6 ਲੱਖ ਰੁਪਏ ਜਾਰੀ ਕੀਤੇ ਅਤੇ ਪੁਰਾਣੇ ਪੋਲੋ ਗਰਾਊਂਡ ਲਈ 50 ਲੱਖ ਰੁਪਏ 30 ਜਨਵਰੀ, 2019 ਨੂੰ ਜਾਰੀ ਕੀਤੇ। ਮਨਪ੍ਰੀਤ ਬਾਦਲ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਨੂੰ 'ਪੋਲੋ ਸਪੋਰਟਸ' ਲਈ 30 ਲੱਖ ਰੁਪਏ ਦੇ ਫੰਡ 10 ਸਤੰਬਰ, 2019 ਨੂੰ ਜਾਰੀ ਕੀਤੇ ਹਨ। ਮੁੱਖ ਮੰਤਰੀ ਖੁਦ 'ਪੋਲੋ' ਦੇ ਖਿਡਾਰੀ ਹਨ ਅਤੇ ਘੋੜ ਸਵਾਰੀ ਦਾ ਸ਼ੌਂਕ ਰੱਖਦੇ ਹਨ, ਇਸੇ ਲਈ ਉਨ੍ਹਾਂ ਨੇ ਸ਼ਾਹੀ ਖੇਡ 'ਤੇ ਪੰਜਾਬ ਦੇ ਖਜ਼ਾਨੇ 'ਚੋਂ ਕਰੋੜਾਂ ਰੁਪਏ ਵੰਡੇ ਹਨ।