ਪੰਜਾਬ ਦੀਆਂ ਸਰਹੱਦਾਂ ''ਤੇ ਹਥਿਆਰਾਂ ਦੀ ਤਸਕਰੀ ਸਬੰਧੀ ਕੈਪਟਨ ਚਿੰਤਤ

01/30/2020 8:50:01 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਸੰਸਦ ਮੈਂਬਰਾਂ ਨੇ ਇੱਥੇ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਦੂਰ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਤਸਕਰੀ ਲਈ ਵਰਤੇ ਜਾਂਦੇ ਡਰੋਨਾਂ ਨੂੰ ਰੋਕਣ ਲਈ ਪੁਖਤਾ ਉਪਕਰਨ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਹ ਮੁੱਦਾ ਮੁੱਖ ਮੰਤਰੀ ਵਲੋਂ ਰਾਜ ਸਭਾ ਅਤੇ ਲੋਕ ਸਭਾ ਤੋਂ ਕਾਂਗਰਸੀ ਸੰਸਦ ਮੈਂਬਰਾਂ ਨਾਲ ਸੱਦੀ ਮੀਟਿੰਗ ਦੌਰਾਨ ਵਿਚਾਰ ਲਈ ਅੱਗੇ ਰੱਖਿਆ ਗਿਆ।

ਮੁੱਖ ਮੰਤਰੀ ਨੇ ਜੰਮੂ ਅਤੇ ਕਸ਼ਮੀਰ 'ਚ ਦਬਾਅ ਵਧਣ ਦੇ ਮੱਦੇਨਜ਼ਰ ਪੰਜਾਬ ਦੀਆਂ ਸਰਹੱਦਾਂ 'ਤੇ ਆਈ. ਐਸ. ਆਈ. ਦੀਆਂ ਵਧ ਰਹੀਆਂ ਗਤੀਵਿਧੀਆਂ 'ਤੇ ਚਿੰਤਾ ਜ਼ਾਹਰ ਕੀਤੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਕੋਲ ਇਹ ਮੁੱਦਾ ਪਹਿਲਾਂ ਹੀ ਉਠਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਅਗਸਤ, 2019 'ਚ ਵੀ ਉਨ੍ਹਾਂ ਨੇ ਇਸ ਬਾਰੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਸੀ, ਜਦੋਂ ਪਹਿਲੀ ਵਾਰ ਅਜਿਹੇ ਡਰੋਨਾਂ ਦੀ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਸੀ।

ਉਨ੍ਹਾਂ ਨੇ ਭਾਰਤ-ਪਾਕਿ ਸਰਹੱਦ ਤੋਂ ਡਰੋਨਾਂ ਜ਼ਰੀਏ ਹਥਿਆਰਾਂ ਜਿਵੇਂ ਦੂਰ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਖੇਪ ਦੀ ਤਸਕਰੀ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ ਅਤੇ ਕੌਮੀ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਪੱਤਰ 'ਚ ਜ਼ਿਕਰ ਕੀਤਾ ਸੀ ਕਿ ਡਰੋਨਾਂ ਰਾਹੀਂ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ਿਆਂ ਸਮੇਤ ਗੈਰ-ਕਾਨੂੰਨੀ ਮਾਲ ਨੂੰ ਸੁਰੱਖਿਅਤ ਪਹੁੰਚਾਇਆ ਜਾ ਸਕਦਾ ਹੈ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਲੋੜੀਂਦੀ ਤਕਨਾਲੋਜੀ/ਢਾਂਚਾ ਵਿਕਸਤ/ਸਥਾਪਤ ਕਰਨ ਜਿਵੇਂ ਰਡਾਰ ਜੋ ਘੱਟ ਉਡਾਣ ਭਰਨ ਵਾਲੇ ਹਵਾਈ ਯੰਤਰਾਂ ਜਿਵੇਂ ਯੂ. ਏ. ਵੀ. ਅਤੇ ਡਰੋਨਾਂ ਦੀ ਹਲਚਲ ਦਾ ਪਤਾ ਲਗਾ ਸਕਦੇ ਹਨ, ਲਾਉਣ ਲਈ ਰਣਨੀਤੀਆਂ ਤਿਆਰ ਕਰਨ ਦੀ ਲੋੜ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਡਰੋਨਾਂ ਦੀ ਵਰਤੋਂ ਵਿਰੁੱਧ ਢੁੱਕਵੀਂ ਜਵਾਬੀ ਕਾਰਵਾਈ ਦੀ ਲੋੜ ਹੈ। ਮੀਟਿੰਗ 'ਚ ਸੰਸਦ ਮੈਂਬਰਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।


Babita

Content Editor

Related News